
ਕੰਢੀ ਨਹਿਰ ਦੇ ਮੁੱਦੇ 'ਤੇ ਨਹਿਰੀ ਵਿਭਾਗ ਨੇ ਵਿਧਾਇਕਾ ਕਟਾਰੀਆ ਦੀ ਅਗਵਾਈ ਹੇਠ ਕੰਢੀ ਸੰਘਰਸ਼ ਕਮੇਟੀ ਨਾਲ ਕਸਬਾ ਪੋਜੇਵਾਲ 'ਚ ਮੀਟਿੰਗ ਕੀਤੀ
ਸੜੋਆ - ਕੰਢੀ ਸੰਘਰਸ਼ ਕਮੇਟੀ ਵੱਲੋਂ ਕੰਢੀ ਇਲਾਕੇ ਦੇ ਪਿੰਡਾਂ ਦੀ ਸਦੀਆਂ ਤੋਂ ਬੰਜਰ ਪੈ ਪਈ ਜ਼ਮੀਨ ਨੂੰ ਕੰਢੀ ਨਹਿਰ ਦੇ ਪਾਣੀ ਦੀ ਸਹੂਲਤ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀਂ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਨੂੰ ਦਿੱਤੇ ਗਏ ਮੰਗ ਪੱਤਰ ਤੋਂ ਬਾਅਦ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਅੱਜ ਕਸਬਾ ਪੋਜੇਵਾਲ ਵਿਖੇ ਨਹਿਰੀ ਵਿਭਾਗ ਵਲੋਂ ਕੰਢੀ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਵਿਧਾਇਕਾ ਦੀ ਅਗਵਾਈ ਵਿਚ ਮੀਟਿੰਗ ਕੀਤੀ।
ਸੜੋਆ - ਕੰਢੀ ਸੰਘਰਸ਼ ਕਮੇਟੀ ਵੱਲੋਂ ਕੰਢੀ ਇਲਾਕੇ ਦੇ ਪਿੰਡਾਂ ਦੀ ਸਦੀਆਂ ਤੋਂ ਬੰਜਰ ਪੈ ਪਈ ਜ਼ਮੀਨ ਨੂੰ ਕੰਢੀ ਨਹਿਰ ਦੇ ਪਾਣੀ ਦੀ ਸਹੂਲਤ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀਂ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਨੂੰ ਦਿੱਤੇ ਗਏ ਮੰਗ ਪੱਤਰ ਤੋਂ ਬਾਅਦ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਅੱਜ ਕਸਬਾ ਪੋਜੇਵਾਲ ਵਿਖੇ ਨਹਿਰੀ ਵਿਭਾਗ ਵਲੋਂ ਕੰਢੀ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਵਿਧਾਇਕਾ ਦੀ ਅਗਵਾਈ ਵਿਚ ਮੀਟਿੰਗ ਕੀਤੀ।
ਇਸ ਮੌਕੇ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ ਕਿ ਕੰਢੀ ਨਹਿਰ ਦਾ ਮੁੱਖ ਮਕਸਦ ਕੰਢੀ ਇਲਾਕੇ ਦੀ ਬੰਜਰ ਪਈ ਜ਼ਮੀਨ ਨੂੰ ਉਪਜਾਊ ਬਣਾਉਨਾ ਹੈ। ਪ੍ਰੰਤੂ ਬੜੇ ਹੀ ਦੁੱਖ ਦੀ ਗਲ ਹੈ ਕਿ ਪਿਛਲੀਆਂ ਸਰਕਾਰਾਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਮਾੜੀ ਕਾਰਗੁਜਾਰੀ ਦੇ ਕਾਰਣ ਕੰਢੀ ਨਹਿਰ ਲੋਕਾਂ ਦੀ ਮੰਗ ਤੋਂ ਉਲਟ ਪਾਈਪਾਂ ਰਾਹੀਂ ਕੱਢ ਕੇ ਨਹਿਰ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ ਅਤੇ ਨਹਿਰ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਗਈ। ਅੱਜ ਜਦੋਂ ਪੰਜਾਬ ਸਰਕਾਰ ਇਸ ਨਹਿਰ ਨੂੰ ਪੂਰਾ ਕਰਨ ਲਈ ਵੱਡੇ ਪੱਧਰ ਉਤੇ ਲਗੀ ਹੋਈ ਹੈ ਤਦ ਕੰਢੀ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੀ ਬਹੁਤ ਸਾਰੀ ਜ਼ਮੀਨ ਕੰਢੀ ਨਹਿਰ ਦੀ ਪਾਈਪ ਲਾਈਨ ਤੋਂ ਬਿਨਾ ਰਹਿ ਗਈ ਹੈ।
ਉਹਨਾਂ ਕਿਹਾ ਕੰਢੀ ਸੰਘਰਸ਼ ਕਮੇਟੀ ਦੀ ਮੰਗ ਹੈ ਕਿ ਛੂਛੇਵਾਲ ਤੋਂ ਭੱਦੀ ਤੱਕ ਦੇ ਸਾਰੇ ਪਿੰਡਾਂ ਦੀ ਵੱਧ ਤੋਂ ਵੱਧ ਜ਼ਮੀਨ ਨੂੰ ਕੰਢੀ ਨਹਿਰ ਦੇ ਪਾਣੀ ਦੀ ਸਹੂਲਤ ਦੇਣ ਲਈ ਪਾਈਪ ਲਾਈਨ ਅਤੇ ਮੋਘੇ ਲੋਕਾਂ ਦੀ ਮੰਗ ਅਤੇ ਜ਼ਮੀਨ ਦੀ ਭੂਗੋਲਿਕ ਸਥਿਤੀ ਦੇ ਮੁਤਾਬਕ ਉਸਾਰੇ ਜਾਣ। ਇਸ ਮੌਕੇ ਨਹਿਰੀ ਵਿਭਾਗ ਦੀ ਟੀਮ ਵਲੋਂ ਐਕਸੀਅਨ ਵਿਸ਼ਵਪਾਲ ਬੋਇਲ ਨੇ ਕੰਢੀ ਸੰਘਰਸ਼ ਕਮੇਟੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਪਿੰਡਾਂ ਦੀ ਜ਼ਮੀਨ ਕੰਢੀ ਨਹਿਰ ਦੀ ਪਾਈਪ ਲਾਈਨ ਤੋਂ ਬਾਹਰ ਰਹਿ ਗਈ ਹੈ ਉਹ ਪਿੰਡ ਸਾਂਝੇ ਤੌਰ ਤੇ ਦਰਖਾਸਤ ਵਿਭਾਗ ਨੂੰ ਦੇਣ। ਜਿਸ ਤੋਂ ਬਾਅਦ ਵਿਭਾਗ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਕੰਢੀ ਸੰਘਰਸ਼ ਕਮੇਟੀ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਲੋਕਾ ਨੂੰ ਵਿਸ਼ਵਾਸ ਦਿੰਦਿਆਂ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਕੰਢੀ ਸੰਘਰਸ਼ ਕਮੇਟੀ ਦੀ ਮੰਗ ਅਨੁਸਾਰ ਕਿਸੇ ਵੀ ਪਿੰਡ ਨੂੰ ਨਹਿਰੀ ਪਾਣੀ ਤੋਂ ਸੱਖਣਾ ਨਹੀਂ ਰੱਖਿਆ ਜਾਵੇਗਾ। ਕੰਢੀ ਇਲਾਕੇ ਦੇ ਚੱਪੇ ਚੱਪੇ ਨੂੰ ਨਹਿਰੀ ਪਾਣੀ ਦੀ ਸਹੂਲਤ ਦਿੱਤੀ ਜਾਵੇਗੀ। ਇਸ ਮੀਟਿੰਗ ਵਿੱਚ ਆਪ ਆਗੂ ਅਸ਼ੋਕ ਕਟਾਰੀਆ, ਨਰੇਸ਼ ਕੁਮਾਰ, ਹਰਮੇਸ਼ ਲਾਲ, ਪਵਨ ਕੁਮਾਰ, ਕੰਢੀ ਸੰਘਰਸ਼ ਕਮੇਟੀ ਦੇ ਜਿਲਾ ਪ੍ਰਧਾਨ ਹੁਸਨ ਚੰਦ ਮਝੋਟ, ਕੈਪਟਨ ਤੀਰਥ ਰਾਮ ਸਾਬਕਾ ਸਰਪੰਚ, ਠੇਕੇਦਾਰ ਰੌਸ਼ਨ ਲਾਲ, ਕਾਮਰੇਡ ਅੱਛਰ ਸਿੰਘ, ਕੈਪਟਨ ਅਮਰ ਚੰਦ ਸਰਪੰਚ, ਰਾਮ ਸਰੂਪ ਸਾਬਕਾ ਡੀ ਐੱਸ ਪੀ, ਜਸਵੀਰ ਲਾਲ ਸਿੰਘਪੁਰ, ਗੁਰਦੇਵ ਲਾਲ, ਪਰਮਜੀਤ ਸਿੰਘ ਰੌੜੀ, ਜਗਦੀਸ ਕੁਮਾਰ, ਭੂਸ਼ਨ ਫ਼ੌਜੀ ਟਕਾਰਲਾ ਤੋਂ ਇਲਾਵਾ ਨਵਾਂ ਗਰਾਂ, ਕੁੱਲਪੁਰ, ਕਰੀਮਪੁਰ ਚਾਹਵਾਲਾ, ਸਿੰਘਪੁਰ, ਮਾਲੇਵਾਲ, ਕੁਕੜਸੂਹਾ, ਮੋਜੇਵਾਲ ਮਜਾਰਾ, ਆਲੋਵਾਲ, ਐਮਾ, ਟੋਰੋਵਾਲ, ਮਝੋਟ, ਰੌੜੀ ਤੋਂ ਹੋਰਨਾਂ ਪਿੰਡਾਂ ਦੇ ਲੋਕ ਅਤੇ ਨਹਿਰੀ ਵਿਭਾਗ ਦੇ ਐੱਸ ਡੀ ਓ ਲਵਦੀਪ ਕੁਮਾਰ, ਜੂਨੀਅਰ ਇੰਜੀਨੀਅਰ ਮਹਿਮਾ ਸਿੰਘ, ਸੁਖਵਿੰਦਰ ਸਿੰਘ, ਪਟਵਾਰੀ ਮੋਹਿਤ ਕੁਮਾਰ ਮੌਜੂਦ ਸਨ।
