ਰਾਜਪਾਲ ਨੇ ਮੁਫਤ ਪਾਣੀ ਅਤੇ ਪਾਰਕਿੰਗ ਦੇ ਮਤੇ ਨੂੰ ਬਿਨਾਂ ਵਿਚਾਰੇ ਰੱਦ ਕੀਤਾ : ਮੇਅਰ ਕੁਲਦੀਪ ਕੁਮਾਰ

ਚੰਡੀਗੜ੍ਹ, 13 ਮਾਰਚ - ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲੀਅਤ ਦੇਣ ਦਾ ਮਤਾ ਰੱਦ ਕਰਨ ਅਤੇ ਇਸ ਸੰਬੰਧੀ ਰਾਜਪਾਲ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਰਾਜਪਾਲ ਨੇ ਫਾਈਲਾਂ ਨੂੰ ਰੱਦ ਕਰਨ ਤੋਂ ਪਹਿਲਾਂ ਉਨ੍ਹਾਂ ਤੇ ਵਿਚਾਰ ਵੀ ਨਹੀਂ ਕੀਤਾ।

ਚੰਡੀਗੜ੍ਹ, 13 ਮਾਰਚ - ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲੀਅਤ ਦੇਣ ਦਾ ਮਤਾ ਰੱਦ ਕਰਨ ਅਤੇ ਇਸ ਸੰਬੰਧੀ ਰਾਜਪਾਲ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਰਾਜਪਾਲ ਨੇ ਫਾਈਲਾਂ ਨੂੰ ਰੱਦ ਕਰਨ ਤੋਂ ਪਹਿਲਾਂ ਉਨ੍ਹਾਂ ਤੇ ਵਿਚਾਰ ਵੀ ਨਹੀਂ ਕੀਤਾ।
ਅੱਜ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਪਾਰਟੀ ਵਲੋਂ ਚੰਡੀਗੜ੍ਹ ਵਿੱਚ ਲੋਕਾਂ ਨੂੰ ਨਗਰ ਨਿਗਮ ਰਾਂਹੀ ਮੁਫਤ ਪਾਰਕਿੰਗ ਦੀ ਸਹੂਲੀਅਤ ਅਤੇ 20,000 ਲੀਟਰ ਮੁਫਤ ਪਾਣੀ ਦੇਣ ਦਾ ਫੈਸਲਾ ਕੀਤਾ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਸੀ ਕਿ ਇਹਨਾਂ ਲੋਕ ਭਲਾਈ ਫੈਸਲਿਆਂ ਨੂੰ ਸਥਾਨਕ ਸਰਕਾਰ ਦੇ ਸਕੱਤਰ ਅਤੇ ਰਾਜਪਾਲ ਬਿਨਾਂ ਕਿਸੇ ਮੁੱਦੇ ਦੇ ਪ੍ਰਵਾਨ ਕਰਨਗੇ ਅਤੇ ਇਸ ਨੂੰ ਅਧਿਕਾਰਤ ਤੌਰ ਤੇ ਮਨਜ਼ੂਰੀ ਦੇ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਰਾਜਪਾਲ ਵਲੋਂ ਇਨ੍ਹਾਂ ਏਜੰਡਿਆਂ ਦੀਆਂ ਫਾਈਲਾਂ ਨੂੰ ਦੇਖੇ ਬਿਨਾਂ ਅਤੇ ਬਿਨਾਂ ਕਿਸੇ ਚਰਚਾ ਕੀਤੇ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਭਾਜਪਾ ਦੇ ਨੁਮਾਇੰਦੇ ਲੋਕ ਹਿੱਤ ਵਿੱਚ ਲਏ ਫੈਸਲਿਆਂ ਨੂੰ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਨੇ ਅਜਿਹੇ ਮਹੱਤਵਪੂਰਨ ਜਨਤਕ ਮਾਮਲਿਆਂ ਤੇ ਟਿੱਪਣੀ ਕਰਨ ਤੋਂ ਪਹਿਲਾਂ ਚਰਚਾ ਕਰਨ ਦੀ ਲੋੜ ਵੀ ਨਹੀਂ ਸਮਝੀ।
ਮੇਅਰ ਨੇ ਕਿਹਾ ਕਿ ਰਾਜਪਾਲ ਨੇ ਇਸ ਮਾਮਲੇ ਬਾਰੇ ਸੋਚਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਭਾਜਪਾ ਦੇ ਨਾਮਜ਼ਦ ਰਾਜਪਾਲ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਸਤਿਕਾਰ ਨਹੀਂ ਕਰਦੇ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਤਾਨਾਸ਼ਾਹੀ ਰਵਹੀਏ ਕਾਰਨ ਉਨ੍ਹਾਂ ਦੇ ਆਗੂ ਸਾਡੇ ਲੋਕਤੰਤਰ ਅਤੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਕੋਈ ਸਨਮਾਨ ਨਹੀਂ ਦਿਖਾਉਂਦੇ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਿਦਾਇਤਾਂ ਤੇ ਐਲ. ਜੀ. ਵਲੋਂ ਉਥੇ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਲੋਕ ਹਿੱਤ ਕੰਮਾਂ ਦੀਆਂ ਫਾਈਲਾਂ ਨੂੰ ਰੋਕ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁਫਤ ਪਾਣੀ ਦੇ ਰਹੀ ਹੈ ਅਤੇ ਜੇਕਰ ਦਿੱਲੀ ਵਿੱਚ ਇੰਨੀ ਵੱਡੀ ਆਬਾਦੀ ਨੂੰ ਮੁਫ਼ਤ ਪਾਣੀ ਦੇਣਾ ਸੰਭਵ ਹੈ ਤਾਂ ਚੰਡੀਗੜ੍ਹ ਵਿੱਚ ਵੀ ਇਹ ਪੂਰੀ ਤਰ੍ਹਾਂ ਸੰਭਵ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਇੱਕ ਉਚਿਤ ਯੋਜਨਾ ਹੈ ਪਰ ਰਾਜਪਾਲ ਇਸ ਫਾਈਲ ਨੂੰ ਉਨ੍ਹਾਂ ਦੀ ਮੇਜ਼ ਤੇ ਪਹੁੰਚਣ ਤੋਂ ਪਹਿਲਾਂ ਹੀ ਰੱਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਸਮਾਗਮਾਂ ਅਤੇ ਕੇਂਦਰੀ ਮੰਤਰੀਆਂ ਦੀ ਮੇਜ਼ਬਾਨੀ ਤੇ ਰਾਜਪਾਲ ਅਤੇ ਸੰਸਦ ਮੈਂਬਰ ਚੰਡੀਗੜ੍ਹ ਨੂੰ ਮਿਲਦੀਆਂ ਸਹੂਲਤਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਜਦੋਂ ਆਮ ਲੋਕਾਂ ਨੂੰ ਸਹੂਲੀਅਤ ਦੇਣ ਦੀ ਗੱਲ ਆਉਂਦੀ ਹੈ ਤਾਂ ਅਚਾਨਕ ਉਨ੍ਹਾਂ ਕੋਲ ਪੈਸੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਤੇ ਹਰ ਤਰ੍ਹਾਂ ਦੇ ਟੈਕਸਾਂ ਅਤੇ ਫੀਸਾਂ ਦਾ ਬੋਝ ਪਾਉਂਦੇ ਹਨ ਅਤੇ ਫਿਰ ਉਸ ਪੈਸੇ ਤੇ ਆਲੀਸ਼ਾਨ ਜੀਵਨ ਸ਼ੈਲੀ ਦਾ ਆਨੰਦ ਮਾਣਦੇ ਹਨ।
ਉਨ੍ਹਾਂ ਇਲਜਾਮ ਲਗਾਇਆ ਕਿ ਭਾਜਪਾ ਆਗੂ ਸਿਰਫ਼ ਆਪਣੇ ਸਰਮਾਏਦਾਰ ਦੋਸਤਾਂ ਦੇ ਮੁਨਾਫ਼ੇ ਤੇ ਕੇਂਦਰਿਤ ਹੈ ਅਤੇ ਉਹ ਆਮ ਲੋਕਾਂ ਤੇ ਪੇਡ ਪਾਰਕਿੰਗ ਦੀ ਸਹੂਲਤ ਦਾ ਬੋਝ ਪਾ ਕੇ ਇਨ੍ਹਾਂ ਦੋਸਤਾਂ ਨੂੰ ਭਾਰੀ ਵਿੱਤੀ ਲਾਭ ਦੇਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੇਡ ਪਾਰਕਿੰਗਾਂ ਤੋਂ ਇਕੱਠਾ ਹੋਇਆ ਪੈਸਾ ਕੁਝ ਚੋਣਵੇਂ ਲੋਕਾਂ ਦੀਆਂ ਜੇਬਾਂ ਵਿੱਚ ਜਾਂਦਾ ਹੈ ਅਤੇ ਇਹ ਵਿਕਾਸ ਜਾਂ ਲੋਕਾਂ ਲਈ ਨਹੀਂ ਵਰਤਿਆ ਜਾਂਦਾ।
ਇਸ ਮੌਕੇ ਮੇਅਰ ਦੇ ਨਾਲ ‘ਆਪ’ ਚੰਡੀਗੜ੍ਹ ਦੇ ਸਹਿ ਇੰਚਾਰਜ ਡਾਕਟਰ ਸੰਨੀ ਆਹਲੂਵਾਲੀਆ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ ਐਸ ਲੱਕੀ, ‘ਆਪ’ ਕੌਂਸਲਰ ਯੋਗੇਸ਼ ਢੀਂਗਰਾ ਅਤੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।