
ਇਨਸਾਫ ਲਈ ਭਟਕ ਰਿਹਾ ਹੈ ਛੇ ਮਹੀਨੇ ਪਹਿਲਾਂ ਖੁਦਕੁਸ਼ੀ ਕਰਨ ਵਾਲੇ ਏਅਰਫੋਰਸ ਦੇ ਫੌਜੀ ਦਾ ਪਰਿਵਾਰ
ਐਸ ਏ ਐਸ ਨਗਰ, 1 ਮਾਰਚ - ਮਾਤਾ ਗੁਜਰੀ ਕਾਲੋਨੀ ਮੁੰਡੀ ਖਰੜ ਦੇ ਵਸਨੀਕ ਸਾਬਕਾ ਫੌਜੀ ਹਰਭਜਨ ਸਿੰਘ ਨੇ ਇਲਾਜਾਮ ਲਗਾਇਆ ਹੈ ਕਿ ਖਰੜ ਪੁਲੀਸ ਵਲੋਂ ਬੀਤੇ ਸਾਲ ਜੁਲਾਈ ਵਿੱਚ ਉਸਦੇ ਬੇਟੇ ਵਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਉਸਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਅਤੇ ਉਸਦੇ ਬੇਟੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਦੇ ਖਿਲਾਫ ਅਦਾਲਤ ਵਿੱਚ ਚਾਲਾਨ ਪੇਸ਼ ਨਹੀਂ ਕੀਤਾ ਜਾ ਰਿਹਾ।
ਐਸ ਏ ਐਸ ਨਗਰ, 1 ਮਾਰਚ - ਮਾਤਾ ਗੁਜਰੀ ਕਾਲੋਨੀ ਮੁੰਡੀ ਖਰੜ ਦੇ ਵਸਨੀਕ ਸਾਬਕਾ ਫੌਜੀ ਹਰਭਜਨ ਸਿੰਘ ਨੇ ਇਲਾਜਾਮ ਲਗਾਇਆ ਹੈ ਕਿ ਖਰੜ ਪੁਲੀਸ ਵਲੋਂ ਬੀਤੇ ਸਾਲ ਜੁਲਾਈ ਵਿੱਚ ਉਸਦੇ ਬੇਟੇ ਵਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਉਸਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਅਤੇ ਉਸਦੇ ਬੇਟੇ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਦੇ ਖਿਲਾਫ ਅਦਾਲਤ ਵਿੱਚ ਚਾਲਾਨ ਪੇਸ਼ ਨਹੀਂ ਕੀਤਾ ਜਾ ਰਿਹਾ। ਇਸ ਸੰਬੰਧੀ ਸz. ਹਰਭਜਨ ਸਿੰਘ ਵਲੋਂ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਮੰਗ ਕੀਤੀ ਹੈ ਕਿ ਇਸ ਸੰਬੰਧੀ ਦਰਜ ਐਫ ਆਈ ਆਰ ਦੀ ਜਾਂਚ ਕਿਸੇ ਉੱਚ ਅਧਿਕਾਰੀ ਤੋਂ ਕਰਵਾ ਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ।
ਇਸ ਸੰਬੰਧੀ ਪੀੜਿਤ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਏਅਰਫੋਰਸ ਤੋਂ ਸੇਵਾਮੁਕਤ ਹੋਏ ਹਨ ਅਤੇ ਮਾਤਾ ਗੁਜਰੀ ਕਾਲੋਨੀ ਮੁੰਡੀ ਖਰੜ ਦੇ ਵਸਨੀਕ ਹਨ। ਉਹਨਾਂ ਦੱਸਿਆ ਕਿ ਉਹਨਾਂ ਦੇ ਤਿੰਨ ਬੇਟੇ ਸਨ ਜਿਹਨਾਂ ਵਿੱਚੋਂ ਸਭਤੋਂ ਵੱਡਾ ਸਰਬਜੀਤ ਫੌਜ ਵਿੱਚ ਹੈ ਅਤੇ ਉਸਤੋਂ ਛੋਟਾ ਗੁਰਪ੍ਰੀਤ ਸਿੰਘ ਏਅਰਫੋਰਸ ਵਿੱਚ ਸੀ ਅਤੇ ਤੀਜਾ ਬੇਟਾ ਪੀ ਜੀ ਆਈ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਹੈ।
ਉਹਨਾਂ ਦੱਸਿਆ ਕਿ ਉਹ ਆਪਣੇ ਮਕਾਨ ਦੀ ਹੇਠਡੀ ਮੰਜਿਲ ਵਿੰਚ ਵੱਡੇ ਬੇਟੇ ਦੇ ਨਾਲ ਰਹਿੰਦੇ ਹਨ, ਵਿਚਕਾਰਲੀ ਮੰਜਿਲ ਵਿੱਚ ਗੁਰਪ੍ਰੀਤ ਆਪਣੀ ਪਤਨੀ ਨਾਲ ਰਹਿੰਦਾ ਸੀ ਅਤੇ ਉੱਪਰਲੀ ਮੰਜਿਲ ਵਿੱਚ ਛੋਟਾ ਬੇਟਾ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ 22 ਜੁਲਾਈ ਨੂੰ ਰਾਤ ਵੇਲੇ ਉਹਨਾਂ ਦੇ ਬੇਟੇ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਵੇਲੇ ਉਸਦੀ ਪਤਨੀ ਆਪਣੇ ਪੇਕੇ ਗਈ ਹੋਈ ਸੀ ਅਤੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਅਗਲੇ ਦਿਨ ਮਿਲੀ ਸੀ। ਉਹਨਾਂ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹਨਾਂ ਦੇ ਬੇਟੇ ਨੇ ਆਪਣੇ ਮੋਬਾਈਲ ਵਿੱਚ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਉਸਨੇ ਆਪਣੀ ਮੌਤ ਲਈ ਉਸਦੇ ਨਾਲ ਕੰਮ ਕਰਦੇ ਪਰਮਜੀਤ ਸਿੰਘ ਉਰਫ ਪੰਮੀ, ਪਰਮਜੀਤ ਦੀ ਘਰਵਾਲੀ ਅਤੇ ਇੱਕ ਹੋਰ ਮੁਲਾਜਮ ਹਰਵਿੰਦਰ ਸਿੰਘ ਨੂੰ ਜਿੰਮੇਵਾਰ ਠਹਿਰਾਇਆ ਸੀ ਅਤੇ ਇਸ ਵੀਡੀਓ ਦੇ ਆਧਾਰ ਤੇ ਪੁਲੀਸ ਵਲੋਂ ਇਹਨਾਂ ਤਿੰਨਾਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 306, 34 ਅਧੀਨ ਮਾਮਲਾ ਦਰਜ ਕੀਤਾ ਸੀ।
ਹਰਭਜਨ ਸਿੰਘ, ਉਹਨਾਂ ਦੀ ਪਤਨੀ ਜਸਪਾਲ ਕੌਰ ਅਤੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਇਲਜਾਮ ਲਗਾਇਆ ਕਿ ਪੁਲੀਸ ਵਲੋਂ ਇਸ ਸੰਬੰਧੀ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰੰਤੂ ਪੁਲੀਸ ਵਲੋਂ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਮਾਮਲੇ ਵਿੱਚ ਨਾਮਜਦ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕਿਹਾ ਕਿ ਹੋਰ ਤਾਂ ਹੋਰ ਪੁਲੀਸ ਵਲੋਂ ਮੁਲਜਮਾਂ ਦੀ ਜਮਾਨਤ ਦਾ ਵਿਰੋਧ ਵੀ ਨਹੀਂ ਕੀਤਾ ਗਿਆ ਅਤੇ ਉਹਨਾਂ ਨੂੰ ਜਮਾਨਤ ਮਿਲ ਗਈ। ਹੁਣ ਪੁਲੀਸ ਵਲੋਂ ਛੇ ਮਹੀਨੇ ਤੋਂ ਵੱਧ ਸਮਾਂ ਹੋ ਜਾਣ ਤੇ ਵੀ ਮਾਮਲੇ ਦਾ ਚਾਲਾਨ ਪੇਸ਼ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਇਲਜਾਮ ਲਗਾਇਆ ਕਿ ਜਦੋਂ ਉਹਨਾਂ ਨੇ ਇਸ ਸੰਬੰਧੀ ਪੁਲੀਸ ਚੌਂਕੀ ਸੰਨੀ ਇਨਕਲੇਵ ਦੇ ਇੰਚਾਰਜ ਸਤਵਿੰਦਰ ਸਿੰਘ ਨੂੰ ਚਾਲਾਨ ਛੇਤੀ ਪੇਸ਼ ਕਰਨ ਲਈ ਕਿਹਾ ਤਾਂ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਉਲਟਾ ਉਹਨਾਂ ਨਾਲ ਦੁਰਵਿਵਹਾਰ ਕੀਤਾ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ।
ਇਸ ਸੰਬੰਧੀ ਸੰਪਰਕ ਕਰਨ ਤੇ ਪੁਲੀਸ ਚੌਂਕੀ ਸੰਨੀ ਇਨਕਲੇਵ ਦੇ ਇੰਚਾਰਜ ਸz. ਸਤਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਪਰਿਵਾਰ ਦੀ ਸ਼ਿਕਾਇਤ ਤੇ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਇਹਨਾਂ ਵਿੱਚੋਂ ਦੋ ਮੁਲਜਮਾਂ ਵਲੋਂ ਮਾਣਯੋਗ ਹਾਈਕਰੋਟ ਵਿੱਚ ਸਰੰਡਰ ਕਰਨ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਅਤੇ ਫਿਰ ਮਾਣਯੋਗ ਅਦਾਲਤ ਵਲੋਂ ਉਹਨਾਂ ਨੂੰ ਜਮਾਨਤ ਦੇ ਦਿੱਤੀ ਗਈ ਸੀ ਅਤੇ ਤੀਜੇ ਮੁਲਜਮ ਨੂੰ ਮਾਣਯੋਗ ਸੁਪਰੀਮ ਕੋਰਟ ਵਿੱਚ ਜਮਾਨਤ ਮਿਲਣ ਤੋਂ ਬਾਅਦ ਉਹ ਤਫਤੀਸ਼ ਵਿੱਚ ਸ਼ਾਮਿਲ ਹੋ ਗਿਆ ਸੀ। ਚਾਲਾਨ ਪੇਸ਼ ਕਰਨ ਬਾਰੇ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਚਾਰਜਸ਼ੀਟ ਤਿਆਰ ਹੋ ਚੁੱਕੀ ਹੈ ਅਤੇ ਅਗਲੇ ਹਫਤੇ ਅਦਾਲਤ ਵਿੱਚ ਪੇਸ਼ ਕਰ ਦਿੱਤੀ ਜਾਵੇਗੀ। ਪਰਿਵਾਰ ਵਲੋਂ ਲਗਾਏ ਗਏ ਦੁਰਵਿਵਹਾਰ ਦੇ ਇਲਜਾਮਾਂ ਨੂੰ ਬੇਬੁਨਿਆਦ ਦੱਸਦਿਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਪਰਿਵਾਰ ਨਾਲ ਹਮਦਰਦੀ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋਂ ਆਪਣੀ ਜਿੰਮੇਵਾਰੀ ਨਿਭਾਈ ਜਾ ਰਹੀ ਹੈ ਅਤੇ ਅਦਾਲਤ ਵਿੱਚ ਛੇਤੀ ਹੀ ਚਾਲਾਨ ਪੇਸ਼ ਕਰ ਦਿੱਤਾ ਜਾਵੇਗਾ।
