ਸੈਕਟਰ 71 ਵਿੱਚ ਪੁਲੀਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ

ਸਟੇਟ ਸਪੈਸ਼ਲ ਆਪਰੇਸ਼ਨ ਸੈਲ ਵਲੋਂ ਇੱਕ ਗੈਂਗਸਟਰ ਕਾਬੂ

ਐਸ.ਏ.ਐਸ. ਨਗਰ, 8 ਫਰਵਰੀ (ਸ.ਬ.) ਸਥਾਨਕ ਸੈਕਟਰ 71 ਵਿੱਚ ਅੱਜ ਹੋਏ ਇੱਕ ਪੁਲੀਸ ਮੁਕਾਬਲੇ ਦੌਰਾਨ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੀ ਟੀਮ ਵਲੋਂ ਇੱਕ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਵਾਈ ਡੀ ਆਈ ਜੀ ਸ੍ਰੀ ਜੇ.ਇਲਨਚੇਲੀਅਨ ਦੀ ਅਗਵਾਈ ਵਿੱਚ ਕੀਤੀ ਗਈ। ਪੁਲੀਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਦਾ ਨਾਮ ਰਾਜਨ ਭੱਟੀ ਦੱਸਿਆ ਜਾ ਰਿਹਾ ਹੈ ਜਿਹੜਾ ਐਨ ਡੀ ਪੀ ਐਸ ਅਤੇ ਆਰਮਜ ਐਕਟ ਦੇ ਦੋ ਮਾਮਲਿਆਂ ਵਿੱਚ ਭਗੌੜਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਸੈਕਟਰ 71 ਵਿੱਚ ਹੀ ਰਹਿ ਰਿਹਾ ਸੀ ਅਤੇ ਪੁਲੀਸ ਵਲੋਂ ਇਸਦੀ ਪੈੜ ਨੱਪ ਲਏ ਜਾਣ ਤੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਪੁਲੀਸ ਦੀ ਟੀਮ ਇਸਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਭੱਜ ਰਿਹਾ ਵਿਅਕਤੀ ਇੱਕ ਕੋਠੀ ਦੀ ਦੀਵਾਰ ਟੱਪ ਕੇ ਉੱਥੇ ਵੜ ਗਿਆ ਅਤੇ ਫਿਰ ਅਗਲੀ ਕੋਠੀ ਵਿੱਚ ਟੱਪ ਗਿਆ। ਇਸ ਦੌਰਾਨ ਪੁਲੀਸ ਵਲੋਂ ਉਸਨੂੰ ਰੁਕਣ ਲਈ ਕਿਹਾ ਗਿਆ ਜਿਸਤੇ ਉਸ ਵਲੋਂ ਪੁਲੀਸ ਤੇ ਫਾਇਰ ਕੀਤਾ ਗਿਆ ਅਤੇ ਜਵਾਬ ਵਿੱਚ ਪੁਲੀਸ ਵਲੋਂ ਵੀ ਫਾਇਰਿੰਗ ਕੀਤੀ ਗਈ ਜਿਸਤੋਂ ਬਾਅਦ ਪੁਲੀਸ ਵਲੋਂ ਇਸਨੂੰ ਕਾਬੂ ਕਰ ਲਿਆ ਗਿਆ ਅਤੇ ਆਪਣੇ ਨਾਲ ਲੈ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿੱਚ ਕੋਈ ਜਖਮੀ ਨਹੀਂ ਹੋਇਆ ਜਦੋਂਕਿ ਭੱਜਣ ਦੌਰਾਨ ਗੈਂਗਸਟਰ ਦੇ ਕੰਿਡਆਲੀ ਤਾਰ ਵਿੱਚ ਉਲਝਨ ਕਾਰਨ ਸੱਟ ਲੱਗੀ ਹੈ ਅਤੇ ਪੁਲੀਸ ਵਲੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਵਿਅਕਤੀ ਤੋਂ ਇੱਕ ਰਿਵਾਲਵਰ ਅਤੇ ਕੁੱਝ ਹੈਰੋਈਨ ਵੀ ਬਰਾਮਦ ਹੋਈ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਕੁੱਝ ਸਮਾ ਪਹਿਲਾਂ ਇਸ ਗੈਂਗਸਟਰ ਦੇ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਸੀ ਅਤੇ ਇਸਦਾ ਟਿਕਾਣਾ ਲੱਭ ਰਹੀ ਸੀ ਇਸ ਦੌਰਾਨ ਇਸਦੇ ਸੈਕਟਰ 71 ਵਿੱਚ ਹੋਣ ਦੀ ਸੂਹ ਮਿਲਣ ਤੇ ਪੁਲੀਸ ਇਸਨੂੰ ਕਾਬੂ ਕਰਨ ਪਹੁੰਚੀ ਸੀ ਜਿੱਥੇ ਹਲਕੇ ਮੁਕਾਬਲੇ ਤੋਂ ਬਾਅਦ ਇਸਨੂੰ ਕਾਬੂ ਕਰ ਲਿਆ ਗਿਆ।