11 ਸਾਲ ਪੁਰਾਣੇ ਕੇਸ ਵਿਚ ਮੈਨੂੰ ਪੁੱਛ-ਗਿੱਛ ਲਈ ਸੱਦ ਕੇ ਮੁੱਖ ਮੰਤਰੀ ਸਿਆਸੀ ਬਦਲਾਖੋਰੀ ਤੇ ਉਤਰੇ- ਬਿਕਰਮ ਸਿੰਘ ਮਜੀਠੀਆ

ਪਟਿਆਲਾ, 18 ਦਸੰਬਰ - ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਹੈ ਕਿ ਮੁੱਖ ਮੰਤਰੀ, 11 ਸਾਲ ਪੁਰਾਣੇ ਕੇਸ ਵਿਚ ਉਨ੍ਹਾਂ ਨੂੰ ਪੁਲਿਸ ਪੁੱਛ-ਗਿੱਛ ਲਈ ਤਲਬ ਕਰ ਕੇ ਸਿਆਸੀ ਬਦਲਾਖੋਰੀ ’ਤੇ ਉਤਰ ਆਏ ਹਨ ਜਦਕਿ ਦੋ ਸਾਲਾਂ ਵਿਚ ਸਰਕਾਰ ਅਦਾਲਤ ਵਿਚ ਚਲਾਨ ਵੀ ਪੇਸ਼ ਨਹੀਂ ਕਰ ਸਕੀ।

ਪਟਿਆਲਾ, 18 ਦਸੰਬਰ - ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਹੈ ਕਿ ਮੁੱਖ ਮੰਤਰੀ, 11 ਸਾਲ ਪੁਰਾਣੇ ਕੇਸ ਵਿਚ ਉਨ੍ਹਾਂ ਨੂੰ ਪੁਲਿਸ ਪੁੱਛ-ਗਿੱਛ ਲਈ ਤਲਬ ਕਰ ਕੇ ਸਿਆਸੀ ਬਦਲਾਖੋਰੀ ’ਤੇ ਉਤਰ ਆਏ ਹਨ ਜਦਕਿ ਦੋ ਸਾਲਾਂ ਵਿਚ ਸਰਕਾਰ ਅਦਾਲਤ ਵਿਚ ਚਲਾਨ ਵੀ ਪੇਸ਼ ਨਹੀਂ ਕਰ ਸਕੀ। ਅਕਾਲੀ ਦਲ ਦੇ ਆਗੂ ਜੋ ਕੇਸ ਵਿਚ ਬਣੀ ਐਸ ਆਈ ਟੀ ਵੱਲੋਂ ਭੇਜੇ ਸੰਮਨਾਂ ਦੇ ਜਵਾਬ ਵਿਚ ਇਥੇ ਆਏ, ਨੇ ਕਿਹਾ ਕਿ ਜਦੋਂ 9 ਦਸੰਬਰ ਨੂੰ ਉਹਨਾਂ  ਭਗਵੰਤ ਮਾਨ ਵੱਲੋਂ ਆਪਣੀ ਧੀ ਨੂੰ ਛੱਡਣ ’ਤੇ ਉਹਨਾਂ ਵੱਲੋਂ ਧੀ ਦੇ ਹੱਕ ਵਿਚ ਬਿਆਨ ਦਿੱਤੇ ਗਏ ਤਾਂ 11 ਦਸੰਬਰ ਨੂੰ ਦੋ ਦਿਨਾਂ ਬਾਅਦ ਹੀ ਉਹਨਾਂ ਨੂੰ ਤਲਬ ਕਰਨ ਦੇ ਹੁਕਮ ਮੁੱਖ ਮੰਤਰੀ ਨੇ ਜਾਰੀ ਕਰ ਦਿੱਤੇ।
 ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਨ ਇਸ ਲਈ ਉਹਨਾਂ ਐਸ ਆਈ ਟੀ ਅੱਗੇ ਪੇਸ਼ ਹੋਣ ਦਾ ਫੈਸਲਾ ਲਿਆ ਹਾਲਾਂਕਿ ਉਹ ਜਾਣਦੇ ਹਨ ਕਿ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ, ਜਿਨ੍ਹਾਂ ’ਤੇ ਰਾਜ ਸਰਕਾਰ ਨੇ ਬਹੁਤ ਦਬਾਅ ਬਣਾਇਆ ਹੋਇਆ ਹੈ, ਦੇ ਖਿਲਾਫ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਕਾਰਵਾਈ ਦੀ ਸਿਫਾਰਸ਼ ਜਸਟਿਸ ਇੰਦੂ ਮਲਤਹੋਰਾ ਦੀ ਅਗਵਾਈ ਵਾਲੀ ਕਮੇਟੀ ਨੇ ਕੀਤੀ ਹੋਈ ਹੈ।
ਉਹਨਾਂ ਕਿਹਾ ਕਿ ਮੈਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗੂ ਭੱਜਣ ਵਾਲਾ ਨਹੀਂ ਹਾਂ। ਕੇਜਰੀਵਾਲ ਤਾਂ ਐਨਫੋਰਸਮੈਂਟ ਵੱਲੋਂ ਤਲਬ ਕੀਤੇ ਜਾਣ ਮਗਰੋਂ  ਭਗਵੰਤ ਮਾਨ  ਦੇ ਨਾਲ ਪੰਜਾਬ ਸਰਕਾਰ ਦੇ ਹਵਾਈ ਜਹਾਜ਼ ਵਿਚ ਫਰਾਰ ਹੋ ਗਏ।
 ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਤੋਂ ਪ੍ਰੇਰਿਤ ਹਨ ਜਿਹਨਾਂ ਦਾ ਸ਼ਹੀਦੀ ਸਪਤਾਹ ਪੰਜਾਬ ਭਰ ਵਿਚ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ  ਕਿ ਉਹ ਇਸ "ਤਾਨਾਸ਼ਾਹ" ਸਰਕਾਰ ਦੇ ਖਿਲਾਫ ਲੜਨ ਵਾਸਤੇ ਗੁਰੂ ਕੇ ਸਿੱਖ ਵਜੋਂ ਦ੍ਰਿੜ੍ਹ ਸੰਕਲਪ ਹਨ ਕਿਉਂਕਿ ਜਿਹੜਾ ਵੀ ਇਸ ਸਰਕਾਰ ਦੇ ਖਿਲਾਫ ਬੋਲਦਾ ਹੈ ਉਸਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਇਸੇ ਤਰੀਕੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁਟਿਆ ਜਾ ਰਿਹਾ ਹੈ। ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਏ ਡੀ ਜੀ ਪੀ ਦੀ ਵਰਤੋਂ ਨਾ ਕਰਨ ਕਿਉਂਕਿ ਉਹਨਾਂ ਨੇ 31 ਦਸੰਬਰ ਨੂੰ ਸੇਵਾ ਮੁਕਤ ਹੋ ਜਾਣਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪ ਐਸ ਆਈ ਟੀ ਦੇ ਮੁਖੀ ਦਾ ਰੋਲ ਸੰਭਾਲਣਾ ਚਾਹੀਦਾ ਹੈ ਤੇ ਅਗਲੀ ਮੀਟਿੰਗ ਆਪਣੀ ਸਰਕਾਰੀ ਰਿਹਾਇਸ਼ ’ਤੇ ਰੱਖਣੀ ਚਾਹੀਦੀ ਹੈ ਤਾਂ ਜੋ ਸਾਰੇ ਸ਼ਹਿਰ ਨੂੰ ਛਾਉਣੀ ਵਿਚ ਬਦਲਣ ਜਿਵੇਂ ਕਿ ਅੱਜ ਕੀਤਾ ਗਿਆ, ਨਾਲ ਆਮ ਲੋਕਾਂ ਨੂੰ ਹੁੰਦੀ ਖਜਲ ਖੁਆਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕੋਲ ਜੇਕਰ ਕੋਈ ਸਬੂਤ ਹੈ ਤਾਂ ਉਹ ਸਬੂਤ ਅਦਾਲਤ ਵਿਚ ਪੇਸ਼ ਕਰੇ ਨਾ ਕਿ ਵਾਰ-ਵਾਰ ਉਹਨਾਂ ਨੂੰ ਤਲਬ ਕਰਨ ਦਾ ਡਰਾਮਾ ਕਰੇ। ਉਹਨਾਂ ਕਿਹਾ ਕਿ ਸਾਰਾ ਕੇਸ ਸਿਆਸਤ ਤੋਂ ਪ੍ਰੇਰਿਤ ਹੈ ਤੇ ਇਸਦੀ ਜਾਂਚ ਲਈ ਐਸ ਆਈ ਟੀ ਗਠਿਤ  ਕਰਨਾ ਨਿੰਦਣਯੋਗ ਹੈ। ਸਾਢੇ ਸੱਤ ਘੰਟੇ ਦੀ ਪੁੱਛ ਗਿੱਛ ਮਗਰੋਂ ਬਾਹਰ ਆਉਣ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਦੇ ਤੇਵਰ ਹੋਰ ਤੇਜ਼ ਸਨ, ਉਨ੍ਹਾਂ ਕਿਹਾ "ਸਰਕਾਰ ਤੇ ਮੁੱਖ ਮੰਤਰੀ ਜੋ ਮਰਜ਼ੀ ਕੋਸ਼ਿਸ਼ ਕਰ ਲਵੇ, ਸੱਚ ਬਦਲਣ ਵਾਲਾ ਨਹੀਂ। ਮੇਰੇ ਖਿਲਾਫ਼ ਹਰ ਕੋਸ਼ਿਸ਼ ਦਾ ਡਟ ਕੇ ਮੁਕਾਬਲਾ ਕੀਤਾ ਜਾਏਗਾ। ਮੈਂ ਜੇਲ੍ਹ ਜਾਣ ਤੋਂ ਨਹੀਂ ਡਰਦਾ "। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਕਬੀਰ ਦਾਸ ਵੀ ਹਾਜ਼ਰ ਸਨ।