ਫ਼ਿਲਮ "ਐਨੀਮਲ" ਦੇ ਚਰਚਿਤ ਗੀਤ "ਅਰਜਨ ਵੈਲੀ" ਨੂੰ ਲੈ ਕੇ ਗਾਇਕ ਭੁਪਿੰਦਰ ਬੱਬਲ ਤੇ ਟੀ ਸੀਰੀਜ਼ ਕੰਪਨੀ ਨੂੰ ਨੋਟਿਸ

ਪਟਿਆਲਾ, 18 ਦਸੰਬਰ - ਪੰਜਾਬੀ ਗਾਇਕ ਗੁਰਮੀਤ ਸਿੰਘ ਮੀਤ ਤੇ ਸੰਗੀਤ ਕੰਪਨੀ ਕੇ. ਐਂਟਰਟੇਨਰਜ਼ ਦੇ ਮਾਲਕ ਗੁਰਧਿਆਨ ਸਿੰਘ ਖਰੌੜ ਸਿਉਣਾ, ਪਾਰਟਨਰ ਭੁਪਿੰਦਰ ਸਿੰਘ ਬਾਰਨ ਤੇ ਮਿਊਜ਼ਿਕ ਡਾਇਰੈਕਟਰ ਮਨੂ-ਰਿਸ਼ੀ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ "ਐਨੀਮਲ" ਵਿਚ ਭੁਪਿੰਦਰ ਬੱਬਲ ਵੱਲੋਂ ਗਾਇਆ ਗੀਤ ’ਅਰਜਨ ਵੈਲੀ’ ਅਸਲ ਵਿਚ ਉਹਨਾਂ ਦੀ ਕੰਪਨੀ ਵੱਲੋਂ 2015 ਵਿਚ ਰਿਲੀਜ਼ ਕੀਤਾ ਗਿਆ ਗਾਣਾ ਹੈ ਤੇ ਇਸਨੂੰ ਮਰਹੂਮ ਗੀਤਕਾਰ ਦੇਵ ਥਰੀਕੇਵਾਲਾ ਨੇ ਲਿਖਿਆ ਸੀ।

ਪਟਿਆਲਾ, 18 ਦਸੰਬਰ - ਪੰਜਾਬੀ ਗਾਇਕ ਗੁਰਮੀਤ ਸਿੰਘ ਮੀਤ ਤੇ ਸੰਗੀਤ ਕੰਪਨੀ ਕੇ. ਐਂਟਰਟੇਨਰਜ਼ ਦੇ ਮਾਲਕ ਗੁਰਧਿਆਨ ਸਿੰਘ ਖਰੌੜ ਸਿਉਣਾ, ਪਾਰਟਨਰ ਭੁਪਿੰਦਰ ਸਿੰਘ ਬਾਰਨ ਤੇ ਮਿਊਜ਼ਿਕ ਡਾਇਰੈਕਟਰ ਮਨੂ-ਰਿਸ਼ੀ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ "ਐਨੀਮਲ" ਵਿਚ ਭੁਪਿੰਦਰ ਬੱਬਲ ਵੱਲੋਂ ਗਾਇਆ ਗੀਤ ’ਅਰਜਨ ਵੈਲੀ’ ਅਸਲ ਵਿਚ ਉਹਨਾਂ ਦੀ ਕੰਪਨੀ ਵੱਲੋਂ 2015 ਵਿਚ ਰਿਲੀਜ਼ ਕੀਤਾ ਗਿਆ ਗਾਣਾ ਹੈ ਤੇ ਇਸਨੂੰ ਮਰਹੂਮ ਗੀਤਕਾਰ ਦੇਵ ਥਰੀਕੇਵਾਲਾ ਨੇ ਲਿਖਿਆ ਸੀ। ਉਹਨਾਂ ਦੋਸ਼ ਲਾਇਆ ਕਿ ਭੁਪਿੰਦਰ ਬੱਬਲ ਨੇ ਗਾਣਾ ਚੋਰੀ ਕਰ ਕੇ ਇਸ ਵਿਚ ਕੁਝ ਅੰਸ਼ ਬਦਲ ਕੇ ਇਸਨੂੰ ਆਪਣੇ ਨਾਂ ਲੁਆ ਲਿਆ ਹੈ ਜਿਸ ਲਈ ਹੁਣ ਕੰਪਨੀ ਨੇ ਗਾਇਕ ਬੱਬਲ ਤੇ ਟੀ ਸੀਰੀਜ਼ ਕੰਪਨੀ ਨੂੰ ਲੀਗਲ ਨੋਟਿਸ ਭੇਜ ਕੇ ਇਹ ਗੀਤ ਤੁਰੰਤ ਸੋਸ਼ਲ ਮੀਡੀਆ ਤੋਂ ਹਟਾਉਣ, ਗੀਤ ਚੋਰੀ ਕਰਨ ਦੀ ਜਨਤਕ ਮੁਆਫੀ ਮੰਗਣ ਤੇ ਗਾਣੇ ਦੀ ਰਾਇਲਟੀ ਅਸਲ ਮਾਲਕਾਂ ਹਵਾਲੇ ਕਰਨ ਲਈ ਕਿਹਾ ਹੈ ਤੇ ਨਾਲ ਹੀ ਕਾਪੀਰਾਈਟ ਐਕਟ ਤੇ ਚੋਰੀ ਦੇ ਮਾਮਲੇ ਦੀ ਪਟਿਆਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਾਇਕ ਗੁਰਮੀਤ ਸਿੰਘ ਮੀਤ, ਕੇ. ਐਂਟਰਟੇਨਰਜ਼ ਕੰਪਨੀ ਦੇ ਮਾਲਕਾਂ ਗੁਰਧਿਆਨ ਸਿੰਘ ਖਰੌੜ ਸਿਉਣਾ ਤੇ ਭੁਪਿੰਦਰ ਸਿੰਘ ਬਾਰਨ ਨੇ ਦੱਸਿਆ ਕਿ ਇਹ ਗਾਣਾ ਦੇਵ ਥਰੀਕੇਵਾਲਾ ਨੇ ਗਾਇਕ ਗੁਰਮੀਤ ਸਿੰਘ ਮੀਤ ਨੂੰ ਦਿੱਤਾ ਸੀ ਜਿਸਦਾ ਉਹਨਾਂ ਨੇ ਬਕਾਇਦਾ ਪੂਰਾ ਰਜਿਸਟਰ ਵਿਖਾਇਆ ਜਿਸ ’ਤੇ ਗੀਤਕਾਰ ਥਰੀਕੇਵਾਲਾ ਦੇ ਹਸਤਾਖ਼ਰ ਸਨ। ਉਹਨਾਂ ਨੇ ਆਪਣੇ ਵੱਲੋਂ 2015 ਵਿਚ ਰਿਲੀਜ਼ ਕੀਤੀ ਐਲਬਮ ’ਬੁਰੀ ਹੁੰਦੀ ਆ’ ਦੀ ਸੀ ਡੀ ਵੀ ਵਿਖਾਈ ਜਿਸ ਵਿਚ ਅਰਜਣ ਵੈਲੀ ਗੀਤ ਗਾਇਆ ਹੋਇਆ ਸੀ ਤੇ ਨਾਲ ਹੀ ਭੇਜੇ ਗਏ ਲੀਗਲ ਨੋਟਿਸ ਦੀ ਕਾਪੀ ਵੀ ਵਿਖਾਈ। ਉਹਨਾਂ ਦੱਸਿਆਕਿ  ਗਾਇਕ ਗੁਰਮੀਤ ਮੀਤ ਨੇ ਇਹ ਗਾਣਾ ਅੱਗੇ ਕੰਪਨੀ ਕੇ. ਐਂਟਰਟੇਨਰਜ਼ ਨੂੰ ਦਿੱਤਾ ਜਿਸਨੇ ਐਲਬਮ ਰਿਲੀਜ਼ ਕੀਤੀ ਤੇ ਐਲਬਮ ਰਿਲੀਜ਼ ਕਰਨ ਵੇਲੇ ਗੀਤਕਾਰ ਦੇਵ ਥਰੀਕੇਵਾਲਾ ਵੀ ਮੌਜੂਦ ਸਨ।
 ਗਾਇਕ ਮੀਤ ਤੇ ਮਿਊਜ਼ਿਕ ਡਾਇਰੈਕਟਰ ਮਨੂ ਰਿਸ਼ੀ ਨੇ ਦੱਸਿਆ ਕਿ ਦੇਵ ਥਰੀਕੇਵਾਲਾ ਅਕਸਰ ਸਾਡੇ ਲੁਧਿਆਣਾ ਦੇ ਮਾਡਲ ਟਾਊਨ ਵਿਚ ਬਣੇ ਸਟੂਡੀਓ ਵਿਚ ਆਉਂਦੇ ਰਹਿੰਦੇ ਸਨ।
ਇਹਨਾਂ ਲੋਕਾਂ ਨੇ ਦੱਸਿਆ ਕਿ ਗਾਇਕ ਭੁਪਿੰਦਰ ਬੱਬਲ ਆਪਣੇ ਆਪ ਨੂੰ ਗੀਤ ਦਾ ਰਚੇਤਾ ਦੱਸ ਰਿਹਾ ਹੈ ਜਦੋਂ ਕਿ ਉਸਨੇ ਗੀਤ ਨੂੰ ਚੋਰੀ ਕਰ ਕੇ ਇਸਦੇ ਸ਼ਬਦਾਂ ਵਿਚ ਹੇਰਫੇਰ ਕਰ ਕੇ ਇਸਨੂੰ ਟੀ ਸੀਰੀਜ਼ ਕੰਪਨੀ ਨੂੰ ਵੇਚਿਆ ਹੈ। ਉਹਨਾਂ ਦੱਸਿਆ ਕਿ ਇਹ ਕਾਪੀਰਾਈਟ ਐਕਟ ਦੀ ਉਲੰਘਣਾ ਤੇ ਵੱਡਾ ਅਪਰਾਧ ਹੈ ਜਿਸਦੀ ਉਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਨਤੀਜੇ ਤਕ ਲੈ ਕੇ ਜਾਣਗੇ ਤੇ ਇਸ ਲਈ ਅਦਾਲਤ ਦਾ ਰੁਖ਼ ਕਰ ਕੇ ਟੀ ਸੀਰੀਜ਼ ਕੰਪਨੀ ਤੇ ਭੁਪਿੰਦਰ ਬੱਬਲ ਨੂੰ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਲਈ ਮਜਬੂਰ ਕਰਨਗੇ ਤੇ ਸਜ਼ਾ ਮਿਲਣੀ ਯਕੀਨੀ ਬਣਾਉਣਗੇ। ਉਹਨਾਂ ਦੱਸਿਆ ਕਿ  ਗਾਣੇ ਨੇ ਸੋਸ਼ਲ ਮੀਡੀਆ ਰਾਹੀਂ 8 ਕਰੋੜ ਰੁਪਏ ਕਮਾਏ ਹਨ ਤੇ ਇਸ ਵਿੱਚੋਂ ਰਾਇਲਟੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਗੀਤ ਦੇ ਅਸਲ ਮਾਲਕ ਹਨ। ਇਸ ਮਾਮਲੇ ’ਤੇ ਸੰਪਰਕ ਕਰਨ ’ਤੇ ਐਸ ਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਉਹਨਾਂ ਕੋਲ ਸ਼ਿਕਾਇਤ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।