ਬਲੌਂਗੀ ਦੇ ਪੀ ਜੀ ਵਿੱਚ ਰਹਿੰਦੇ ਨੌਜਵਾਨ ਵੱਲੋਂ ਫਾਸਟ ਫੂਡ ਦੀ ਦੁਕਾਨ ਕਰਦੇ ਨੌਜਵਾਨ ਦਾ ਕਤਲ, ਲਾਸ਼ ਬੋਰੀ ਵਿੱਚ ਪਾ ਕੇ ਬਰਿਆਲੀ ਦੀ ਨਦੀ ਨੇੜੇ ਸੁੱਟੀ

ਐਸ ਏ ਐਸ ਨਗਰ, 9 ਦਸੰਬਰ - ਪਿੰਡ ਬਲੌਂਗੀ ਦੇ ਇੱਕ ਪੀ ਜੀ ਵਿੱਚ ਰਹਿੰਦੇ ਪਾਰਸ ਨਾਮ ਦੇ ਇੱਕ ਨੌਜਵਾਨ ਨੇ ਪਿੰਡ ਵਿੱਚ ਫਾਸਟ ਫੂਡ ਦੀ ਦੁਕਾਨ ਕਰਨ ਵਾਲੇ ਜੋਗਿੰਦਰ ਨਾਮ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਅਤੇ ਫਿਰ ਉਸਦੀ ਲਾਸ਼ ਨੂੰ ਬੋਰੀ ਵਿੱਚ ਬੰਦ ਕਰਕੇ ਅਤੇ ਮ੍ਰਿਤਕ ਦੇ ਮੋਟਰ ਸਾਈਕਲ ਤੇ ਰੱਖਕੇ ਬਰਿਆਲੀ ਦੀ ਨਦੀ ਨੇੜੇ ਖਾਲੀ ਥਾਂ ਵਿੱਚ ਸੁੱਟ ਦਿੱਤਾ। ਇਸ ਮਾਮਲੇ ਵਿੱਚ ਬਲੌਂਗੀ ਪੁਲੀਸ ਵਲੋਂ ਕਾਰਵਾਈ ਕਰਦਿਆਂ ਪਾਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਪੁਲੀਸ ਵਲੋਂ ਪਾਰਸ ਦੇ ਖਿਲਾਫ ਆਈ ਪੀ ਸੀ ਦੀ ਧਾਰਾ 302 ਅਤੇ 201 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਸੰਬੰਧੀ ਮ੍ਰਿਤਕ ਜੋਗਿੰਦਰ ਦੇ ਭਰਾ ਮੋਹਿਤ (ਵਾਸੀ ਪਿੰਡ ਦੁੱਧਲੀ ਜਿਲ੍ਹਾ ਮੁਜੱਫਰ ਨਗਰ ਉੱਤਰ ਪ੍ਰਦੇਸ਼) ਜੋ ਪਿੰਡ ਮਲੋਆ ਵਿੱਚ ਕਿਰਾਏਦਾਰ ਵਜੋਂ ਰਹਿੰਦਾ ਹੈ ਨੇ ਪੁਲੀਸ ਦੇ ਕੋਲ ਰਿਪੋਰਟ ਲਿਖਵਾਈ ਹੈ ਕਿ ਉਸਦਾ ਵੱਡਾ ਭਰਾ ਜੋਗਿੰਦਰ ਸਿੰਘ ਰਾਣਾ ਬਲੌਂਗੀ ਵਿੱਚ ਸ਼ਿਵ ਮੰਦਿਰ ਦੇ ਨੇੜੇ ਬਾਜ਼ਾਰ ਵਿੱਚ ਫਾਸਟ ਫੂਡ ਦੀ ਦੁਕਾਨ ਕਰਦਾ ਹੈ। ਸ਼ਿਕਾਇਤ ਕਰਤਾ ਅਨੁਸਾਰ ਜੋਗਿੰਦਰ ਸਿੰਘ ਰਾਣਾ ਨੇ ਉਸਨੂੰ ਦੱਸਿਆ ਸੀ ਕਿ ਪਾਰਸ ਨਾਮ ਦਾ ਇੱਕ ਲੜਕਾ (ਜੋ ਸਾਈ ਹੋਮ ਪੀ ਜੀ, ਬਲੌਂਗੀ ਵਿੱਚ ਰਹਿੰਦਾ ਹੈ), ਅਕਸਰ ਉਸ ਦੀ ਦੁਕਾਨ ਤੇ ਖਾਣਾ ਖਾਣ ਆਉਂਦਾ ਸੀ ਅਤੇ ਉਸ ਦਾ ਇੰਡਕਸ਼ਨ ਚੁਲ੍ਹਾ ਤੇ ਇੱਕ ਅਡੈਪਟਰ ਚੁੱਕ ਕੇ ਲੈ ਗਿਆ ਸੀ। ਪਾਰਸ ਨੇ ਉਸਦੇ ਪੈਸੇ ਵੀ ਦੇਣੇ ਸੀ।

ਸ਼ਿਕਾਇਤਕਰਤਾ ਅਨੁਸਾਰ ਜੋਗਿੰਦਰ ਨੇ ਪਾਰਸ ਨੂੰ ਕਈ ਵਾਰ ਸਮਾਨ ਵਾਪਸ ਕਰਨ ਵਾਸਤੇ ਕਿਹਾ ਪਰ ਉਹ ਵਾਪਸ ਨਹੀਂ ਕਰ ਰਿਹਾ ਸੀ ਜਿਸ ਤੇ ਜੋਗਿੰਦਰ ਰਾਣਾ ਮੋਟਰਸਾਈਕਲ ਤੇ ਸਵਾਰ ਹੋ ਕੇ ਬਲੌਂਗੀ ਪਾਰਸ ਦੇ ਪੀਜੀ ਵਾਲੇ ਰੂਮ ਵਿੱਚ ਜਾ ਕੇ ਉਸ ਤੋਂ ਆਪਣਾ ਸਮਾਨ ਵਾਪਸ ਮੰਗਣ ਵਾਸਤੇ ਗਿਆ ਸੀ ਪਰ ਜੋਗਿੰਦਰ ਰਾਣਾ ਉੱਥੋਂ ਵਾਪਸ ਨਹੀਂ ਆਇਆ। ਸ਼ਿਕਾਇਤ ਕਰਤਾ ਅਨੁਸਾਰ ਆਪਣੇ ਭਰਾ ਦਾ ਪਤਾ ਨਾ ਲੱਗਣ ਤੇ ਉਹ ਆਪਣੇ ਤਾਏ ਕੁਲਦੀਪ ਸਿੰਘ ਦੇ ਨਾਲ ਬਲੌਂਗੀ ਸਾਈ ਹੋਮ ਵਿਖੇ ਗਿਆ ਅਤੇ ਪੀਜੀ ਵਿੱਚ ਆਪਣੇ ਭਰਾ ਜੋਗਿੰਦਰ ਰਾਣਾ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਜੋਗਿੰਦਰ ਰਾਣਾ ਪੀਜੀ ਵਿੱਚ ਆਇਆ ਸੀ ਪਰੰਤੂ ਉਸ ਨੂੰ ਵਾਪਸ ਜਾਂਦੇ ਨਹੀਂ ਵੇਖਿਆ। ਪੀ ਜੀ ਦੇ ਕੈਮਰੇ ਚੈਕ ਕਰਨ ਤੇ ਪਤਾ ਲੱਗਿਆ ਕਿ ਜੋਗਿੰਦਰ ਰਾਣਾ ਕਮਰਾ ਨੰਬਰ 34 ਵਿੱਚ ਆਇਆ ਤਾਂ ਸੀ ਪਰੰਤੂ ਫਿਰ ਉਥੋਂ ਵਾਪਸ ਨਹੀਂ ਨਿਕਲਿਆ। ਸੀ ਸੀ ਟੀ ਵੀ ਫੁਟੇਜ ਵਿੱਚ ਪਤਾ ਲੱਗਿਆ ਕਿ ਕਮਰੇ ਵਿੱਚੋਂ ਪਾਰਸ ਬਾਹਰ ਨਿਕਲਿਆ ਅਤੇ ਫਿਰ ਇੱਕ ਚਿੱਟੇ ਰੰਗ ਦਾ ਥੈਲਾ ਲੈ ਕੇ ਕਮਰੇ ਵਿੱਚ ਦਾਖਲ ਹੋਇਆ ਅਤੇ ਕੁਝ ਸਮੇਂ ਬਾਅਦ ਹੀ ਉਹ ਥੈਲੇ ਨੂੰ ਰੱਸੀ ਨਾਲ ਬੰਨ ਕੇ ਉਸ ਨੂੰ ਘੜੀਸ ਕੇ ਪੌੜੀਆਂ ਵੱਲ ਲੈ ਕੇ ਗਿਆ। ਇਸਤੋਂ ਬਾਅਦ ਪਾਰਸ ਥੈਲੇ ਨੂੰ ਘੜੀਸ ਕੇ ਪੀਜੀ ਵਿੱਚੋਂ ਬਾਹਰ ਲੈ ਗਿਆ ਅਤੇ ਬਾਹਰ ਜਾ ਕੇ ਜੋਗਿੰਦਰ ਰਾਣਾ ਦੇ ਮੋਟਰਸਾਈਕਲ ਤੇ ਥੈਲੇ ਨੂੰ ਬੰਨ ਕੇ ਮੋਟਰ ਸਾਈਕਲ ਲੈ ਕੇ ਚਲਾ ਗਿਆ।

ਸੰਪਰਕ ਕਰਨ ਤੇ ਥਾਣਾ ਬਲੌਂਗੀ ਦੇ ਐਸ ਐਚ ਓ ਸz. ਗੌਰਵਬੰਸ ਸਿੰਘ ਨੇ ਦੱਸਿਆ ਕਿ ਪਾਰਸ ਵਲੋਂ ਜੋਗਿੰਦਰ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਬੋਰੀ ਵਿੱਚ ਬੰਦ ਕਰਕੇ ਟੀ ਡੀ ਆਈ ਦੇ ਨੇੜੇ ਨਾਲੇ ਨੇੜੇ ਸੁੱਟ ਦਿੱਤਾ ਸੀ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਪਾਰਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮੁੱਢਲੀ ਪੁੱਛਗਿੱਛ ਦੌਰਾਨ ਉਸਨੇ ਕਤਲ ਦੀ ਗੱਲ ਕਬੂਲ ਕਰਦਿਆਂ ਦੱਸਿਆ ਹੈ ਕਿ ਉਹ ਜੋਗਿੰਦਰ ਦੇ ਮੋਟਰ ਸਾਈਕਲ ਨੂੰ ਕਿਤੇ ਖੜ੍ਹਾ ਕਰਕੇ ਉੱਥੋਂ ਬੱਸ ਤੇ ਬੈਠ ਕੇ ਚਲਾ ਗਿਆ ਸੀ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ ਹੈ ਅਤੇ ਪਾਰਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿੱਥੋਂ ਉਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।