ਸਿੱਖਿਆ ਬੋਰਡ ਮੁਲਾਜ਼ਮਾਂ ਵੱਲੋਂ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ ਮੁਹਾਲੀ ਦੀਆਂ ਸੜਕਾਂ ਤੇ ਰੋਸ ਮਾਰਚ ਸਰਕਾਰ ਵਿਰੋਧੀ ਤਖਤੀਆਂ ਹੱਥਾਂ ਵਿੱਚ ਫੜ੍ਹ ਕੇ ਕੀਤੀ ਨਾਅਰੇਬਾਜ਼ੀ

ਐਸ.ਏ.ਐਸ ਨਗਰ, 28 ਨਵੰਬਰ - ਪਿਛਲੇ 4 ਸਾਲਾਂ ਤੋਂ ਬਕਾਇਆ ਪਈ 5ਵੀਂ-8ਵੀਂ ਦੀ ਪ੍ਰੀਖਿਆ ਫੀਸ ਦੀ ਰਾਸ਼ੀ ਅਤੇ ਸਾਲ 2024-25 ਲਈ ਛਪਾਈਆਂ ਜਾਣ ਵਾਲੀਆਂ ਪਾਠ ਪੁਸਤਕਾਂ ਲਈ ਅਡਵਾਂਸ ਰਾਸ਼ੀ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਬੋਰਡ ਦਫ਼ਤਰ ਤੋਂ ਲੈ ਕੇ ਫੇਜ਼-7 ਤੱਕ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਬੋਰਡ ਦਫ਼ਤਰ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ।

ਐਸ.ਏ.ਐਸ ਨਗਰ, 28 ਨਵੰਬਰ - ਪਿਛਲੇ 4 ਸਾਲਾਂ ਤੋਂ ਬਕਾਇਆ ਪਈ 5ਵੀਂ-8ਵੀਂ ਦੀ ਪ੍ਰੀਖਿਆ ਫੀਸ ਦੀ ਰਾਸ਼ੀ ਅਤੇ ਸਾਲ 2024-25 ਲਈ ਛਪਾਈਆਂ ਜਾਣ ਵਾਲੀਆਂ ਪਾਠ ਪੁਸਤਕਾਂ ਲਈ ਅਡਵਾਂਸ ਰਾਸ਼ੀ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਬੋਰਡ ਦਫ਼ਤਰ ਤੋਂ ਲੈ ਕੇ ਫੇਜ਼-7 ਤੱਕ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਬੋਰਡ ਦਫ਼ਤਰ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ।

ਮਾਰਚ ਦੌਰਾਨ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮੁਲਾਜ਼ਮਾਂ ਵੱਲੋਂ ਆਪਣੇ ਹੱਥਾਂ ਵਿੱਚ ਸਰਕਾਰ ਵਿਰੋਧੀ ਨਾਅਰੇ ਵਾਲੇ ਸਲੋਗਨ ਫੜ੍ਹੇ ਹੋਏ ਸਨ। ਰੋਸ ਮਾਰਚ ਕਾਰਨ ਆਵਾਜਾਈ ਵੀ ਠੱਪ ਰਹੀ। ਰੋਸ ਮਾਰਚ ਉਪਰੰਤ ਬੋਰਡ ਦਫ਼ਤਰ ਦਾ ਬਾਅਦ ਦੁਪਹਿਰ ਤੱਕ ਸਮੁੱਚਾ ਕੰਮਕਾਜ ਠੱਪ ਰਿਹਾ। ਇਸ ਤੋਂ ਇਲਾਵਾ ਸਵੇਰੇ ਦਫ਼ਤਰ ਬੋਰਡ ਦਫ਼ਤਰ ਦੇ ਸਾਰੇ ਗੇਟ ਵੀ ਬੰਦ ਕੀਤੇ ਗਏ।

ਇਸ ਦੌਰਾਨ ਡੀ ਪੀ ਆਈ ਵਾਲੇ ਗੇਟ ਨੂੰ ਬੰਦ ਕਰਕੇ ਕੀਤੀ ਗਈ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਕਿਹਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਾਅਵੇ ਕੀਤੇ ਗਏ ਸਨ ਕਿ ਆਪ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਿੱਖਿਆ ਨੂੰ ਵਿਸ਼ੇਸ਼ ਤਰਜ਼ੀਹ ਦਿੱਤੀ ਜਾਵੇਗੀ ਪਰੰਤੂ ਸਰਕਾਰ ਸਿੱਖਿਆ ਵਿਭਾਗ ਦੇ ਇਸ ਮੁੱਖ ਅਦਾਰੇ ਨੂੰ ਅੱਖ ਪਰੋਖੇਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਇਸ ਸਰਕਾਰ ਵੱਲੋਂ ਵੀ ਬੋਰਡ ਦਫ਼ਤਰ ਪ੍ਰਤੀ ਕੋਈ ਹਾਂ ਪੱਖੀਂ ਵਤੀਰਾ ਨਹੀਂ ਰੱਖਿਆ ਜਾ ਰਿਹਾ।

ਆਗੂਆਂ ਨੇ ਕਿਹਾ ਕਿ ਸਰਕਾਰ ਤੋਂ ਆਸ ਸੀ ਕਿ ਬੋਰਡ ਦਫ਼ਤਰ ਦੀ ਸਰਕਾਰ ਵੱਲ ਬਕਾਇਆ ਖੜ੍ਹੀ ਲੱਗਭਗ 600 ਕਰੋੜ ਰੁਪਏ ਦੀ ਰਾਸ਼ੀ ਬੋਰਡ ਦਫ਼ਤਰ ਨੂੰ ਜਾਰੀ ਕੀਤੀ ਜਾਵੇਗੀ ਪਰੰਤੂ ਅਜਿਹਾ ਕੁਝ ਵੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਬੋਰਡ ਦਫ਼ਤਰ ਦੀ ਵਿੱਤੀ ਹਾਲਤ ਇੰਨੀ ਪਤਲੀ ਹੋ ਚੁੱਕੀ ਹੈ ਕਿ ਬੀਤੇ ਸਮੇਂ ਦੌਰਾਨ ਰਿਟਾਇਰ ਹੋਏ ਮੁਲਾਜਮਾਂ ਨੂੰ ਵਿੱਤੀ ਲਾਭ ਜਾਰੀ ਨਹੀਂ ਹੋ ਸਕੇ ਹਨ। ਇਸ ਤੋਂ ਇਲਾਵਾ ਡੀ.ਏ ਦਾ ਬਕਾਇਆ ਅਤੇ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਵੀ ਕਾਫੀ ਸਮੇਂ ਤੋਂ ਪੈਡਿੰਗ ਪਏ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੋਰਡ ਦਫ਼ਤਰ ਦੀ ਵਿੱਤੀ ਹਾਲਤ ਨੂੰ ਸਮਝਦਿਆਂ ਬੋਰਡ ਦਫ਼ਤਰ ਨੂੰ ਰਾਸ਼ੀ ਜਾਰੀ ਕੀਤੀ ਜਾਵੇ।

ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਰਾਸ਼ੀ ਜਾਰੀ ਕਰਨ ਲਈ ਹਾਂਪੱਖੀ ਕਾਰਵਾਈ ਸ਼ੁਰੂ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸੀਮਾ ਸੂਦ, ਪ੍ਰਭਦੀਪ ਸਿੰਘ ਬੋਪਾਰਾਏ, ਸੁਨੀਲ ਕੁਮਾਰ ਅਰੋੜਾ ਅਤੇ ਗੁਰਇਕਬਾਲ ਸਿੰਘ ਸੋਢੀ ਵੱਲੋਂ ਵੀ ਸੰਬੋਧਨ ਕੀਤਾ ਗਿਆ।

ਇਸ ਮੌਕੇ ਜੱਥੇਬੰਦੀ ਦੇ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਗਿੱਲ, ਬਲਜਿੰਦਰ ਸਿੰਘ ਬਰਾੜ, ਮਲਕੀਤ ਸਿੰਘ ਗੱਗੜ੍ਹ, ਰਾਜ ਕੁਮਾਰ ਭਗਤ, ਜਸਵੀਰ ਸਿੰਘ ਚੋਟੀਆਂ, ਜਸਪਾਲ ਸਿੰਘ ਟਹਿਣਾ, ਮਨਜਿੰਦਰ ਸਿੰਘ ਹੁਲਕਾ, ਮਨਜੀਤ ਸਿੰਘ ਲਹਿਰਾਗਾਗਾ, ਬਲਜਿੰਦਰ ਸਿੰਘ ਮਾਂਗਟ, ਗੌਰਵ ਸਾਂਪਲਾ, ਲੱਛਮੀਂ ਦੇਵੀ ਅਤੇ ਸੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ। ਰਿਟਾਇਰੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਅਮਰ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੌਜੇਵਾਲ ਤੋਂ ਇਲਾਵਾ ਹੋਰ ਕਈ ਰਿਟਾਇਰੀ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।