ਲੋੜਵੰਦਾਂ ਤੋਂ ਸਫ਼ਲ ਕਾਰੋਬਾਰੀ ਬਣਾਉਣ ਲਈ ਨਵੇਂ ਵਪਾਰਕ ਵਿਚਾਰਾਂ ਨੂੰ ਪੰਜਾਬ ਸਰਕਾਰ ਨੇ ਢੁਕਵਾਂ ਮੰਚ ਪ੍ਰਦਾਨ ਕੀਤਾ : ਅਮਨ ਅਰੋੜਾ ਕਿਹਾ,

ਫਿਊਚਰ ਟਾਈਕੂਨਜ਼-2 ਕਰਵਾ ਕੇ ਪਟਿਆਲਾ ਦੇਸ਼ ਦਾ ਮੋਹਰੀ ਜ਼ਿਲ੍ਹਾ ਬਣਿਆ

ਪਟਿਆਲਾ, 31 ਅਕਤੂਬਰ -ਪੰਜਾਬ ਦੇ ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਨਵੇਂ ਉਦਮੀਆਂ ਤੇ ਨਵੇਂ ਵਪਾਰਕ ਵਿਚਾਰ ਪੇਸ਼ ਕਰਨ ਵਾਲੇ ਲੋਕਾਂ ਨੂੰ ਲੋੜਵੰਦ ਤੋਂ ਸਫ਼ਲ ਕਾਰੋਬਾਰੀ ਬਣਾਉਣ ਲਈ ਢੁੱਕਵਾਂ ਮੰਚ ਪ੍ਰਦਾਨ ਕੀਤਾ ਹੈ।
ਕੈਬਨਿਟ ਮੰਤਰੀ ਅਰੋੜਾ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਦੇਸ਼ ਭਰ 'ਚੋਂ ਪਹਿਲੇ ਤੇ ਨਿਵੇਕਲੇ ਉਪਰਾਲੇ 'ਫਿਊਚਰ ਟਾਈਕੂਨਜ਼-ਸਟਾਰਟਅੱਪ ਚੈਲੈਂਜ-2' ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਤ ਕਰਨ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਪੁੱਜੇ ਹੋਏ ਸਨ।
ਅਮਨ ਅਰੋੜਾ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਕਰਵਾਏ 'ਫਿਊਚਰ ਟਾਈਕੂਨਜ਼-ਸਟਾਰਟ ਅੱਪ ਚੈਲੈਂਜ-2' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨਵੇਂ ਉਦਮੀਆਂ ਦੀ ਬਾਂਹ ਫੜਕੇ ਉਨ੍ਹਾਂ ਲਈ ਫੰਡ, ਨੈਟਵਰਕ ਤੇ ਮਾਰਕੀਟ 'ਚ ਪੈਰ ਜਮਾਉਣ ਲਈ ਰਸਤਾ ਦਿਖਾਇਆ ਗਿਆ ਹੈ।
ਅਮਨ ਅਰੋੜਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਬਹੁਤ ਵਿਚਾਰ ਪਏ ਹਨ ਪਰੰਤੂ ਇਨ੍ਹਾਂ ਦੀ ਤਲਾਸ਼ ਕਰਕੇ ਹੁਨਰਮੰਦਾਂ ਨੂੰ ਢੁਕਵੇਂ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ ਅਤੇ ਫਿਊਚਰ ਟਾਈਕੂਨ ਉਪਰਾਲੇ ਨਾਲ ਇਸ ਪਾਸੇ ਕਦਮ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਵੈ-ਰੁਜ਼ਗਾਰ ਤੇ ਸਟਾਰਟਅੱਪ ਨੂੰ ਵੱਡੇ ਪੱਧਰ 'ਤੇ ਉਤਸ਼ਾਹਤ ਕਰ ਰਹੀ ਹੈ, ਇਸ ਤਹਿਤ ਹੁਨਰਮੰਦਾਂ ਨੂੰ ਆਪਣਾ ਰੋਜ਼ਗਾਰ ਤੇ ਕਾਰੋਬਾਰ ਸ਼ੁਰੂ ਲਈ ਕਰਜ਼ੇ ਦੀ ਸਹੂਲਤ, ਐਨ.ਓ.ਸੀਜ਼ ਸਮੇਤ ਹੋਰ ਤਕਨੀਕੀ ਸਹਾਇਤਾ ਆਦਿ ਇੱਕ ਛੱਤ ਹੇਠਾਂ ਪ੍ਰਦਾਨ ਕੀਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਫਿਊਚਰ ਟਾਈਕੂਨ ਮੁਕਾਬਲੇ 'ਚ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਫਿਊਚਰ ਟਾਈਕੂਨਜ਼ ਸਟਾਰਟਅੱਪ ਚੈਲੈਂਜ 'ਚ ਆਪਣੇ ਨਵੇਂ-ਨਵੇਂ ਆਈਡੀਆਜ਼ ਲੈਕੇ ਪੁੱਜੇ ਸਾਰੇ ਉਦਮੀ ਇੱਕ ਤੋਂ ਇੱਕ ਵੱਧਕੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਦੀ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੂਜੇ ਫਿਊਚਰ ਟਾਈਕੂਨ ਮੁਕਾਬਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਹ ਗਿਣਤੀ ਹੁਣ 400 ਤੋਂ ਵਧਕੇ 1100 ਤੱਕ ਪੁੱਜ ਗਈ ਹੈ। 
ਸਾਕਸ਼ੀ ਸਾਹਨੀ ਨੇ ਦੱਸਿਆ ਕਿ 4 ਜੇਤੂਆਂ ਨੂੰ ਕਰਜ਼ਾ ਸਬਸਿਡੀ, ਸਰਕਾਰੀ ਸਹਾਇਤਾ ਤੋਂ ਇਲਾਵਾ 50-50 ਹਜ਼ਾਰ ਰੁਪਏ ਨਗ਼ਦ ਪੁਰਸਕਾਰ ਦੇਣ ਸਮੇਤ ਏਂਜਲ ਇਨਵੈਸਟਰਜ਼ ਵੱਲੋਂ ਸਹਾਇਤਾ ਤੇ ਤਕਨੀਕੀ ਸੇਧ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 'ਭਵਿੱਖ ਦੇ ਕਾਰੋਬਾਰੀ-2 : ਸਟਾਰਟ-ਅੱਪ ਚੈਲੈਂਜ' ਪ੍ਰਾਜੈਕਟ, 'ਚ ਕੁਲ 1109 ਭਾਗੀਦਾਰਾਂ ਨੇ ਅਰਜ਼ੀਆਂ ਦਿੱਤੀਆਂ, ਜਿਨ੍ਹਾਂ 'ਚੋਂ 149 ਔਰਤਾਂ, 10 ਦਿਵਿਆਂਗਜਨਾਂ, 860 ਵਿਦਿਆਰਥੀਆਂ ਤੇ ਓਪਨ ਕੈਟੇਗਰੀ 'ਚ 87 ਜਣਿਆਂ ਨੇ ਆਪਣੀਆਂ ਭਵਿੱਖੀ ਯੋਜਨਾਵਾਂ ਤੇ ਨਵੇਂ ਵਪਾਰਕ ਵਿਚਾਰ ਪੇਸ਼ ਕੀਤੇ, ਇਨ੍ਹਾਂ ਵਿੱਚੋਂ ਗਰੈਂਡ ਫਿਨਾਲੇ ਲਈ 22 ਨਵੇਂ ਸੰਕਲਪਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਨੇ ਆਪਣੀ ਪੇਸ਼ਕਾਰੀ ਜਿਊਰੀ ਦੇ ਸਨਮੁੱਖ ਪੇਸ਼ ਕੀਤੀ।
ਇਸ ਮੌਕੇ ਡਾਇਰੈਕਟਰ ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਅੰਮ੍ਰਿਤ ਸਿੰਘ, ਥਾਪਰ ਇੰਸਟੀਚਿਊਟ ਦੇ ਡਾਇਰੈਕਟਰ ਪਦਮ ਕੁਮਾਰ ਨਈਅਰ, ਏ.ਡੀ.ਸੀ ਅਨੁਪ੍ਰਿਤਾ ਜੌਹਲ, ਸਟਾਰਟਅੱਪ ਪੰਜਾਬ ਦੇ ਸੰਯੁਕਤ ਡਾਇਰੈਕਟਰ ਦੀਪਿੰਦਰ ਢਿੱਲੋਂ, ਥਾਪਰ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਅਜੇ ਬਾਤਿਸ਼ ਤੇ ਹੋਰ ਕਈ ਅਧਿਕਾਰੀ ਹਾਜ਼ਰ ਸਨ।