ਪਰਾਲੀ ਪ੍ਰਬੰਧਨ ਲਈ ’ਸਰਫੇਸ ਸੀਡਰ’ ਮਸ਼ੀਨ ਕਿਸਾਨਾਂ ਲਈ ਬਹੁਤ ਲਾਹੇਵੰਦ: ਡਿਪਟੀ ਕਮਿਸ਼ਨਰ

ਪਟਿਆਲਾ, 23 ਅਕਤੂਬਰ -ਡਿਪਟੀ ਕਮਿਸ਼ਨਰ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਦਾ ਪ੍ਰਬੰਧ ਬਿਹਤਰ ਢੰਗ ਨਾਲ ਕਰਨ ਲਈ ਵਾਤਾਵਰਣ ਪੱਖੀ ਮਸ਼ੀਨ “ਸਰਫੇਸ ਸੀਡਰ’’ ਬਾਰੇ ਦੱਸਦਿਆਂ

ਪਟਿਆਲਾ, 23 ਅਕਤੂਬਰ -ਡਿਪਟੀ ਕਮਿਸ਼ਨਰ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਦਾ ਪ੍ਰਬੰਧ ਬਿਹਤਰ ਢੰਗ ਨਾਲ ਕਰਨ ਲਈ ਵਾਤਾਵਰਣ ਪੱਖੀ ਮਸ਼ੀਨ “ਸਰਫੇਸ ਸੀਡਰ’’ ਬਾਰੇ ਦੱਸਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸੀ.ਆਰ.ਐਮ. ਸਕੀਮ ਤਹਿਤ ਇਸ ਮਸ਼ੀਨ ਲਈ ਅਰਜ਼ੀਆਂ ਦੀ ਮੰਗ ਕਿਸਾਨਾਂ/ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ/ਰਜਿਸਟਰਡ ਕਿਸਾਨ ਗਰੁੱਪਾਂ/ਐਫ.ਪੀ.ਓ./ਪੰਚਾਇਤਾਂ ਵੱਲੋਂ ਕੀਤੀ ਗਈ ਸੀ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮਸ਼ੀਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰ ਵਿਕਸਤ ਕੀਤੀ ਗਈ ਹੈ ਅਤੇ ਵੱਖ-ਵੱਖ ਥਾਵਾਂ ’ਤੇ ਇਸ ਦੇ ਟਰਾਇਲ ਵੀ ਕੀਤੇ ਗਏ ਹਨ ਅਤੇ ਇਸ ਮਸ਼ੀਨ ਨੂੰ ਸਪਲਾਈ ਕਰਨ ਲਈ ਮੈਨੂਫੈਕਚਰਜ਼ ਨੂੰ ਸੂਚੀਬੱਧ ਕਰਨ ਦਾ ਕੰਮ ਵੀ ਪੀ.ਏ.ਯੂ. ਵੱਲੋਂ ਕੀਤਾ ਗਿਆ ਹੈ। ਇਹ ਮਸ਼ੀਨ ਪਰਾਲੀ ਨੂੰ ਬਿਨਾਂ ਅੱਗ ਲਗਾਏ ਅਤੇ ਵਾਹੇ) ਬਹੁਤ ਸਸਤੇ ਅਤੇ ਵਾਤਾਵਰਣ ਪੱਖੀ ਤਰੀਕੇ ਨਾਲ ਕਣਕ ਦੀ ਬਿਜਾਈ ਕਰਦੀ ਹੈ।
  ਉਹਨਾਂ ਦੱਸਿਆ ਕਿ ਇਹ ਮਸ਼ੀਨ ਦਰਮਿਆਨੀਆਂ ਜ਼ਮੀਨਾਂ ਵਿਚ ਝੋਨੇ, ਬਾਸਮਤੀ ਦੀ ਕਟਾਈ ਤੋਂ ਇਕਦਮ ਬਾਅਦ ਹੀ ਸੁੱਕੇ ਵੱਤਰ ਵਿਚ ਇਕੋਵਾਰ ਬੀਜ, ਖਾਦ ਕੇਰ ਕੇ ਉੱਪਰ ਲੋੜ ਮੁਤਾਬਿਕ ਇਕਸਾਰ ਪਰਾਲੀ ਖਿਲਾਰ ਕੇ ਮੱਲਚਿੰਗ ਕਰ ਦਿੰਦੀ ਹੈ ਅਤੇ ਉਸ ਤੋਂ ਬਾਅਦ ਹਲਕਾ ਪਾਣੀ ਲਗਾ ਕੇ 40 ਦਿਨਾਂ ਤੱਕ ਕਿਸਾਨ ਫ਼ਰੀ ਰਹਿੰਦਾ ਹੈ। ਇਸ ਵਿਧੀ ਦੀ ਵਰਤੋਂ ਨਾਲ ਨਾ ਖੇਤ ਵਿਚ ਨਦੀਨ ਉੱਗਦਾ ਹੈ, ਨਾ ਫ਼ਸਲ ਨੂੰ ਸੋਕਾ ਲਗਦਾ ਹੈ, ਪਰਾਲੀ ਗਲ ਕੇ ਖਾਦ ਬਣ ਜਾਂਦੀ ਹੈ ਅਤੇ ਘੱਟ ਪਾਣੀ ਨਾਲ ਕਣਕ ਪਲ ਜਾਂਦੀ ਹੈ। ਇਹ ਮਸ਼ੀਨ ਘੱਟ ਹਾਰਸਪਾਵਰ ਵਾਲੇ ਟਰੈਕਟਰ ਨਾਲ ਚੱਲ ਸਕਦੀ ਹੈ ਅਤੇ ਇੱਕ ਘੰਟੇ ਵਿਚ 1.5 ਏਕੜ ਵਿਚ ਕਣਕ ਦੀ ਬਿਜਾਈ ਕਰ ਦਿੰਦੀ ਹੈ ਅਤੇ ਇੱਕ ਏਕੜ ਲਈ ਸਿਰਫ਼ 700-800 ਰੁਪਏ ਦਾ ਖਰਚਾ ਕਣਕ ਦੀ ਬਿਜਾਈ ਤੇ ਆਉਂਦਾ ਹੈ।
  ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਅਨੁਸਾਰ ਝੋਨੇ ਦੇ ਖੇਤ ਨੂੰ ਅਖੀਰਲਾ ਪਾਣੀ ਇਸ ਤਰ੍ਹਾਂ ਲਗਾਓ ਤਾਂ ਕਿ ਕਟਾਈ ਸਮੇਂ ਖੇਤ ਖੁਸ਼ਕ ਹੋਵੇ ਤਾਂ ਕਿ ਕੰਬਾਈਨ ਦੇ ਟਾਇਰਾਂ ਦੀਆਂ ਪੈੜਾਂ ਨਾ ਪੈਣ। ਡਿਪਟੀ ਕਮਿਸ਼ਨਰ ਪਟਿਆਲਾ ਨੇ ਦੱਸਿਆ ਕਿ 80,000 ਰੁਪਏ ਦੀ ਕੀਮਤ ਵਾਲੀ 5 ਫੁੱਟ 3 ਇੰਚ ਸਾਈਜ਼ ਦੀ ਮਸ਼ੀਨ ਉੱਤੇ ਵਿਅਕਤੀਗਤ ਕਿਸਾਨਾਂ ਨੂੰ 40,000 ਰੁਪਏ ਅਤੇ ਕਸਟਮ ਹਾਈਰਿੰਗ ਸੈਂਟਰ ਲਈ 64,000 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵੱਡੇ ਪੱਧਰ ਇਕੱਠੀ ਹੁੰਦੀ ਫ਼ਸਲਾਂ ਦੀ ਰਹਿੰਦ ਖੂੰਹਦ ਬੁਨਿਆਦੀ ਢਾਂਚੇ ਨੂੰ ਸਥਾਪਿਤ ਅਤੇ ਮਜ਼ਬੂਤ ਕਰਨ, ਗੱਠਾਂ ਬੰਨਣ, ਢੋਆ-ਢੁਆਈ ਅਤੇ ਭੰਡਾਰਨ ਦੀਆਂ ਸਹੂਲਤਾਂ ਲਈ ਅਹਿਮ ਕਦਮ ਚੁੱਕ ਰਹੀ ਹੈ।