ਵੈਟਨਰੀ ਯੂਨੀਵਰਸਿਟੀ ਵਿਖੇ ਵੇਕ-ਅਪ ਲੁਧਿਆਣਾ ਮੁਹਿੰਮ ਤਹਿਤ ਹੋਈ ਪੌਦੇ ਲਗਾਉਣ ਦੀ ਸ਼ੁਰੂਆਤ

ਲੁਧਿਆਣਾ 12 ਜੁਲਾਈ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵਾਤਾਵਰਣ ਸਨੇਹੀ ਹੁੰਗਾਰਾ ਭਰਨ ਦੇ ਮੰਤਵ ਹਿਤ ‘ਵੇਕ-ਅਪ ਲੁਧਿਆਣਾ’ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।

ਲੁਧਿਆਣਾ 12 ਜੁਲਾਈ 2024 -  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵਾਤਾਵਰਣ ਸਨੇਹੀ ਹੁੰਗਾਰਾ ਭਰਨ ਦੇ ਮੰਤਵ ਹਿਤ ‘ਵੇਕ-ਅਪ ਲੁਧਿਆਣਾ’ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੇ ਤਹਿਤ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਸ਼੍ਰੀ ਰਾਜੇਸ਼ ਗੁਲਾਟੀ, ਡਿਵੀਜ਼ਨਲ ਜੰਗਲਾਤ ਅਧਿਕਾਰੀ ਲੁਧਿਆਣਾ ਨੇ ਪੌਦੇ ਲਗਾ ਕੇ ਸ਼ੁਰੂ੍ਰਆਤ ਕੀਤੀ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਰਤੀ ਦੀ ਹਰਿਆਵਲ ਚਾਦਰ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਮੌਸਮੀ ਪ੍ਰਭਾਵਾਂ ਦੇ ਮਾੜੇ ਅਸਰ ਤੋਂ ਬਚ ਸਕੀਏ। ਸ਼੍ਰੀ ਰਾਜੇਸ਼ ਗੁਲਾਟੀ ਪਤਵੰਤੇ ਮਹਿਮਾਨ ਨੇ ਕਿਹਾ ਕਿ ਯੂਨੀਵਰਸਿਟੀ ਦਾ ਇਹ ਬਹੁਤ ਸੁਚੱਜਾ ਉਪਰਾਲਾ ਹੈ ਜਿਸ ਦੇ ਤਹਿਤ ਉਹ ਵਿਭਿੰਨ ਕਿਸਮਾਂ ਦੇ ਪੌਦੇ ਲਗਾ ਕੇ ਜੈਵਿਕ ਵਿਭਿੰਨਤਾ ਨੂੰ ਵਧਾਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਸ਼੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਆਰੰਭੀ ਗਈ ਇਹ ਮੁਹਿੰਮ ਚੰਗੇ ਨਤੀਜੇ ਲਿਆਏਗੀ।

          ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਵਿਖੇ ਜੰਗਲਾਤ ਵਿਭਾਗ ਵੱਲੋਂ ਮਿਲੇ 1000 ਤੋਂ ਵਧੇਰੇ ਬੂਟੇ ਲਗਾਏ ਜਾਣਗੇ ਅਤੇ ਵਾਤਾਵਰਣ ਬਿਹਤਰੀ ਲਈ ਯਤਨ ਜਾਰੀ ਰੱਖੇ ਜਾਣਗੇ। ਇਸ ਮੌਕੇ ਯੂਨੀਵਰਸਿਟੀ ਦੇ ਕੌਮੀ ਸੇਵਾ ਯੋਜਨਾ ਵਿੰਗ ਦੇ ਵਲੰਟੀਅਰਾਂ ਵੱਲੋਂ ਵੀ ਕੈਂਪਸ ਵਿਚ ਵਿਭਿੰਨ ਥਾਵਾਂ ’ਤੇ ਬੂਟੇ ਲਗਾਏ ਗਏ।

          ਡਾ. ਇੰਦਰਜੀਤ ਸਿੰਘ ਅਤੇ ਡਾ. ਗਿੱਲ ਨੇ ਦੱਸਿਆ ਕਿ ਸ਼੍ਰੀ ਰਾਜੇਸ਼ ਗੁਲਾਟੀ ਵੱਲੋਂ ਯੂਨੀਵਰਸਿਟੀ ਵਿਖੇ ‘ਨਾਨਕ ਬਗੀਚੀ’ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਸੀ ਜਿਸ ਦੇ ਤਹਿਤ ਜਾਪਾਨੀ ਮਾਡਲ ਮੀਆਵਾਕੀ ਤਹਿਤ ਬਹੁਤ ਸੰਘਣੇ ਬੂਟੇ ਲਗਾ ਕੇ ਇਹ ਬਗੀਚੀ ਤਿਆਰ ਕੀਤੀ ਜਾਏਗੀ। ਡਾ. ਗਿੱਲ ਨੇ ਲੈਂਡਸਕੇਪ ਵਿੰਗ ਦੇ ਸਾਰੇ ਕਰਮਚਾਰੀਆਂ ਨੂੰ ਇਸ ਕਾਰਜ ਲਈ ਵਧਾਈ ਦਿੱਤੀ ਅਤੇ ਪ੍ਰਸੰਸਾ ਕੀਤੀ ਕਿ ਉਹ ਸਮਾਜੀ ਹਿਤ ਵਾਲੇ ਕੰਮਾਂ ਵਿਚ ਯੋਗਦਾਨ ਪਾ ਰਹੇ ਹਨ। ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿਚ ਭਰਵੀਂ ਸ਼ਮੂਲੀਅਤ ਕੀਤੀ।