ਡਾ. ਧਰਮਵੀਰ ਗਾਂਧੀ ਕਾਂਗਰਸ 'ਚ ਸ਼ਾਮਲ, ਪਟਿਆਲਾ ਤੋਂ ਹੋ ਸਕਦੀ ਹੈ ਪ੍ਰਨੀਤ ਕੌਰ ਨਾਲ ਟੱਕਰ

ਪਟਿਆਲਾ,1 ਅਪ੍ਰੈਲ - ਅੱਜ "ਆਪ" ਦੇ ਸਾਬਕਾ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਬਾਰੇ ਕੀਤੀ ਜਾ ਰਹੀ ਕਿਆਸਅਰਾਈ ਉਸ ਵੇਲੇ ਹਕੀਕਤ 'ਚ ਬਦਲ ਗਈ ਜਦੋਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿਖੇ ਆਪਣੀ ਨਵਾਂ ਪੰਜਾਬ ਪਾਰਟੀ ਨੂੰ ਵੀ ਕਾਂਗਰਸ ਵਿਚ ਮਿਲਾ ਦਿੱਤਾ। ਧਰਮਵੀਰ ਗਾਂਧੀ 2014 'ਚ 'ਆਪ' ਦੀ ਟਿਕਟ 'ਤੇ ਪਟਿਆਲਾ ਤੋਂ ਸੰਸਦ ਮੈਂਬਰ ਬਣੇ ਸਨ। ਉਨ੍ਹਾਂ ਪ੍ਰਨੀਤ ਕੌਰ ਨੂੰ 20942 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਪਟਿਆਲਾ,1 ਅਪ੍ਰੈਲ - ਅੱਜ "ਆਪ" ਦੇ ਸਾਬਕਾ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਬਾਰੇ ਕੀਤੀ ਜਾ ਰਹੀ ਕਿਆਸਅਰਾਈ ਉਸ ਵੇਲੇ ਹਕੀਕਤ 'ਚ ਬਦਲ ਗਈ ਜਦੋਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿਖੇ ਆਪਣੀ ਨਵਾਂ ਪੰਜਾਬ ਪਾਰਟੀ ਨੂੰ ਵੀ ਕਾਂਗਰਸ ਵਿਚ ਮਿਲਾ ਦਿੱਤਾ। ਧਰਮਵੀਰ ਗਾਂਧੀ 2014 'ਚ 'ਆਪ' ਦੀ ਟਿਕਟ 'ਤੇ ਪਟਿਆਲਾ ਤੋਂ ਸੰਸਦ ਮੈਂਬਰ ਬਣੇ ਸਨ। ਉਨ੍ਹਾਂ ਪ੍ਰਨੀਤ ਕੌਰ ਨੂੰ 20942 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਡਾ: ਗਾਂਧੀ ਇਕੱਲੇ ਅਜਿਹੇ ਆਗੂ ਹਨ ਜਿਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਵਿਚ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਨੂੰਹ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਹਰਾਇਆ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾ: ਧਰਮਵੀਰ ਗਾਂਧੀ ਨੇ ਕਿਹਾ- "ਮੈਂ ਲੋਕ ਸਭਾ ਚੋਣਾਂ ਲੜਨ ਲਈ ਕਾਂਗਰਸ 'ਚ ਸ਼ਾਮਲ ਨਹੀਂ ਹੋਇਆ ਪਰ ਜੇਕਰ ਪਾਰਟੀ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਦੀ ਹੈ ਤਾਂ ਉਹ ਲੜਨ ਲਈ ਤਿਆਰ ਹਨ। ਉਨ੍ਹਾਂ ਹੋਰ ਕਿਹਾ - "ਮੈਂ ਪ੍ਰਨੀਤ ਕੌਰ ਨੂੰ ਹਰਾਉਣਾ ਚਾਹੁੰਦਾ ਹਾਂ ਕਿਉਂਕਿ ਉਹ ਭਾਜਪਾ ਦੀ ਉਮੀਦਵਾਰ ਹਨ। ਉਨ੍ਹਾਂ ਅਜਿਹੀ ਪਾਰਟੀ ਚੁਣੀ ਜੋ ਲੋਕ ਵਿਰੋਧੀ ਤੇ ਲੋਕਤੰਤਰ ਵਿਰੋਧੀ ਹੈ।" ਪ੍ਰਨੀਤ ਕੌਰ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਨੂੰ ਪਟਿਆਲਾ ਸੀਟ ਲਈ ਪ੍ਰਭਾਵਸ਼ਾਲੀ ਚਿਹਰੇ ਦੀ ਤਲਾਸ਼ ਸੀ। ਪੂਰੀ ਸੰਭਾਵਨਾ ਹੈ ਕਿ ਪਾਰਟੀ ਉਨ੍ਹਾਂ ਨੂੰ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨੇਗੀ । ਡਾ: ਗਾਂਧੀ ਮੂਲ ਰੂਪ ਵਿੱਚ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇਲਾਕੇ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਉਹ ਭਾਜਪਾ ਨੂੰ ਪਟਿਆਲਾ ਸੀਟ ਤੋਂ ਚੰਗੀ ਟੱਕਰ ਦੇਣ ਦੇ ਸਮਰੱਥ ਹਨ। ਪੇਸ਼ੇ ਵਜੋਂ ਉਹ ਕਾਰਡੀਓਲੋਜਿਸਟ ਹਨ। ਉਨ੍ਹਾਂ ਦਾ ਅਕਸ ਇੱਕ ਸਮਾਜ ਸੇਵਕ ਵਜੋਂ ਵੀ ਬਣਿਆ ਹੋਇਆ ਹੈ। ਉਹ ਗਰੀਬ ਤੇ ਲੋੜਵੰਦਾਂ ਦੀ ਮਦਦ ਵੀ ਕਰਦੇ ਹਨ।  2012 ਵਿੱਚ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਸ਼ਾਮਲ ਹੋਏ ਤੇ ਉਥੋਂ ਹੀ ਆਮ ਆਦਮੀ ਪਾਰਟੀ ਜੁਆਇਨ ਕੀਤੀ। 2016 'ਚ ਉਨ੍ਹਾਂ 'ਆਪ' ਛੱਡ ਦਿੱਤੀ ਤੇ ਨਵਾਂ ਪੰਜਾਬ ਪਾਰਟੀ ਦਾ ਗਠਨ ਕੀਤਾ। 2019 ਵਿੱਚ ਡਾ. ਗਾਂਧੀ ਨੇ ਫੇਰ ਲੋਕ ਸਭਾ ਚੋਣ ਲੜੀ ਪਰ ਇਸ ਵਾਰ ਉਹ ਪ੍ਰਨੀਤ ਕੌਰ ਨੂੰ ਮਾਤ ਨਾ ਦੇ ਸਕੇ ਤੇ ਤੀਜੇ ਸਥਾਨ 'ਤੇ ਰਹੇ।