ਘਰ ਬੁਲਾ ਕੇ ਕੁੱਟਣ, ਨੰਗਾ ਕਰਕੇ ਵੀਡੀਓ ਬਣਾਉਣ ਅਤੇ ਬਲੈਕ ਮੇਲ ਕਰਨ ਦੇ ਇਲਜਾਮ ਹੇਠ 2 ਔਰਤਾਂ ਸਮੇਤ 4 ਕਾਬੂ

ਖਰੜ, 25 ਸਤੰਬਰ ਖਰੜ ਪੁਲੀਸ ਨੇ ਸੰਨੀ ਇਨਕਲੇਵ ਦੇ ਇੱਕ ਵਸਨੀਕ ਰਵੀ ਕੁਮਾਰ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਕੁੱਟਮਾਰ ਕਰਨ, ਨੰਗਾ ਕਰਕੇ ਵੀਡੀਓ ਬਣਾਉਣ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਮੰਗਣ ਦੇ ਦੋਸ਼ ਹੇਠ ਗੁਰੂਨਾਨਕ ਇਨਕਲੇਵ ਸੈਕਟਰ 125 ਦੀਆਂ ਵਸਨੀਕ ਦੋ ਔਰਤਾਂ ਅਤੇ ਦੋ ਵਿਅਕਤੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 323, 342,383,120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।

ਖਰੜ ਪੁਲੀਸ ਨੇ ਸੰਨੀ ਇਨਕਲੇਵ ਦੇ ਇੱਕ ਵਸਨੀਕ ਰਵੀ ਕੁਮਾਰ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਕੁੱਟਮਾਰ ਕਰਨ, ਨੰਗਾ ਕਰਕੇ ਵੀਡੀਓ ਬਣਾਉਣ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਮੰਗਣ ਦੇ ਦੋਸ਼ ਹੇਠ ਗੁਰੂਨਾਨਕ ਇਨਕਲੇਵ ਸੈਕਟਰ 125 ਦੀਆਂ ਵਸਨੀਕ ਦੋ ਔਰਤਾਂ ਅਤੇ ਦੋ ਵਿਅਕਤੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 323, 342,383,120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।   ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ ਰਵੀ ਕੁਮਾਰ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਬੀਤੀ 23 ਸਤੰਬਰ ਨੂੰ ਉਸਨੂੰ ਇਕ ਔਰਤ ਸੋਨੀਆ ਅਤੇ ਲੜਕੀ ਆਂਚਲ ਵੱਲੋਂ ਮਦਦ ਕਰਨ ਦੇ ਬਹਾਨੇ ਲਈ ਆਪਣੇ ਘਰ ਬੁਲਾਇਆ ਗਿਆ ਸੀ ਅਤੇ ਫਿਰ ਘਰ ਵਿੱਚ ਮੌਜੂਦ ਗੁਰਸੇਵਕ ਸਿੰਘ, ਦੀਵਾਂਸ਼ੂ, ਸੋਨੀਆ ਅਤੇ ਆਂਚਲ ਵੱਲੋਂ ਪਹਿਲਾਂ ਉਸਦੀ ਕੁੱਟ ਮਾਰ ਕੀਤੀ ਗਈ ਫਿਰ ਉਸਦੇ ਕੱਪੜੇ ਉਤਾਰ ਕੇ ਉਸਦੀ ਵੀਡਿਓ ਬਣਾਉਣ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਸਨੇ ਪੈਸੇ ਦੇਣ ਤੋਂ ਅਸਮਰਥਾ ਜਾਹਿਰ ਕੀਤੀ ਤਾਂ ਉਹਨਾਂ ਸਾਰਿਆਂ ਨੇ ਉਸਦਾ ਫੋਨ ਖੋਹ ਲਿਆ ਅਤੇ ਉਸਦੀ ਨਗਨ ਵੀਡਿਓ ਸ਼ੋਸ਼ਲ ਮੀਡਿਆ ਤੇ ਵਾਈਰਲ ਕਰਨ ਦੀ ਧਮਕੀ ਦੇ ਕੇ ਗੂਗਲ ਪੈਅ ਰਾਹੀਂ 5000 ਰੁਪਏ ਟ੍ਰਾਂਸਫਰ ਕਰ ਲਏ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਇੱਕ ਦੋ ਦਿਨਾਂ ਵਿੱਚ 20,000 ਰੁਪਏ ਨਾ ਦਿੱਤੇ ਤਾਂ ਉਹ ਉਸਦੀ ਨਗਨ ਵੀਡਿਓ ਸ਼ੋਸ਼ਲ ਮੀਡਿਆ ਤੇ ਵਾਈਰਲ ਕਰਕੇ ਉਸਦੀ ਬਦਨਾਮੀ ਕਰਨਗੇ। ਰਵੀ ਕੁਮਾਰ ਅਨੁਸਾਰ ਉਹ 20,000 ਰੁਪਏ ਦਾ ਇੰਤਜਾਮ ਨਹੀਂ ਕਰ ਪਾਇਆ ਅਤੇ ਉਸਨੇ ਇਸ ਸੰਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ।   ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਇਸ ਮਾਮਲੇ ਵਿੱਚ ਗੁਰਸੇਵਕ ਸਿੰਘ ਵਾਸੀ, ਗੁਰੂ ਨਾਨਕ ਕਲੋਨੀ ਬਡਾਲਾ ਰੋਡ ਖਰੜ, ਦੀਵਾਂਸ਼ੂ ਵਾਸੀ ਪਿੰਡ ਚੰਬੀ, ਥਾਣਾ ਸ਼ਾਹਪੁਰ ਜਿਲਾ ਕਾਂਗੜਾ, ਸੋਨੀਆ ਵਾਸੀ ਮਕਾਨ ਸੈਕ: 41/ਏ ਚੰਡੀਗੜ੍ਹ ਅਤੇ ਆਂਚਲ ਵਾਸੀ ਸ਼ਿਵਜੋਤ ਇਨਕਲੇਵ ਖਰੜ (ਹਾਲ ਵਾਸੀਆਨ ਗੁਰੂ ਨਾਨਕ ਇਨਕਲੇਵ ਸੈਕ: 125 ਸੰਨੀ ਇਨਕਲੇਵ ਖਰੜ) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।