ਮੁਹਾਲੀ ਪੁਲੀਸ ਵਲੋਂ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਚਿੱਟ ਫੰਡ ਕੰਪਨੀ ਰਾਹੀ ਠੱਗੀ ਕਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀ ਗ੍ਰਿਫਤਾਰ

ਮੁਹਾਲੀ ਪੁਲੀਸ ਵਲੋਂ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਚਿੱਟ ਫੰਡ ਕੰਪਨੀ ਰਾਹੀ ਠੱਗੀ ਕਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀ ਗ੍ਰਿਫਤਾਰ ਹਜ਼ਾਰਾਂ ਵਿਅਕਤੀਆਂ ਨਾਲ ਕਰੀਬ 198 ਕਰੋੜ ਤੋਂ ਜਿਆਦਾ ਦੀ ਧੋਖਾਧੜੀ ਦਾ ਪਰਦਾਫਾਸ਼

ਐਸ ਏ ਐਸ ਨਗਰ, 10 ਅਕਤੂਬਰ- ਮੁਹਾਲੀ ਪੁਲੀਸ ਨੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਚਿੱਟ ਫੰਡ ਕੰਪਨੀ ਰਾਹੀ ਠੱਗੀ ਕਰਨ ਵਾਲੇ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲੀਸ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਘੱਟ ਸਮੇਂ ਵਿੱਚ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਪੈਸੇ ਕਮਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਜੀਰਕਪੁਰ ਵਿਖੇ ਆਈ ਪੀ ਸੀ ਦੀ ਧਾਰਾ 406, 420, 120ਬੀ ਅਤੇ ਚਿੱਟ ਫੰਡ ਐਕਟ 1982 ਦੀ ਧਾਰਾ 4, 5, 12, 18, 76 ਅਧੀਨ ਮਾਮਲਾ ਦਰਜ ਕਰਕੇ 3 ਵਿਅਕਤੀਆਂ ਸ਼ਾਮ ਸ਼ਰਮਾ ਵਾਸੀ ਮੰਡੀ ਗੋਬਿੰਦਗੜ, (ਹਾਲ ਵਾਸੀ ਮਿਸਟ ਸੁਸਾਇਟੀ ਜੀਰਕਪੁਰ), ਸੁਨੀਲ ਕੁਮਾਰ ਅਤੇ ਅਸ਼ਵਨੀ ਕੁਮਾਰ (ਦੋਵੇਂ ਵਾਸੀ ਪਿੰਡ ਪੁਠਿਆਣਾ, ਥਾਣਾ ਨਦੋਨ, ਜਿਲ੍ਹਾ ਹਮੀਰਪੁਰ) ਹਾਲ ਵਾਸੀ ਧਨਾਸ, ਚੰਡੀਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 5 ਵਿਅਕਤੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਉਹਨਾਂ ਦੱਸਿਆ ਕਿ ਇਹ ਦੋਸ਼ੀ ਭੋਲੇ ਭਾਲੇ ਲੋਕਾਂ ਨੂੰ ਫੋਨ ਰਾਹੀਂ ਵੱਡੇ-ਵੱਡੇ ਸੁਪਨੇ ਦਿਖਾ ਕੇ ਉਨ੍ਹਾਂ ਤੋਂ ਪੈਸੇ ਹਾਸਲ ਕਰਕੇ ਠੱਗੀ ਮਾਰਦੇ ਸਨ। ਇਨ੍ਹਾਂ ਵੱਲੋਂ ਸਾਲ 2019 ਵਿੱਚ ਕੋਰਵੀਓ ਕਾਇਨ ਦੇ ਨਾਮ ਤੇ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ, ਜੋ ਭੋਲੇ ਭਾਲੇ ਲੋਕਾਂ ਨੂੰ ਉਤਸ਼ਾਹਿਤ ਕਰਕੇ ਘੱਟ ਸਮੇਂ ਵਿਚ ਪੈਸੇ ਦੁੱਗਣੇ ਕਰਨ ਦਾ ਕਮਿਸ਼ਨ ਦਾ ਅਤੇ ਹੋਰ ਮੈਂਬਰਾਂ ਨੂੰ ਜੋੜਨ (ਚੈਨ ਸਿਸਟਮ) ਦਾ ਲਾਲਚ ਦੇ ਕੇ ਧੋਖਾਧੜੀ ਕਰਦੇ ਸਨ।
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਐਸ ਪੀ ਦਿਹਾਤੀ ਸz ਮਨਪ੍ਰੀਤ ਸਿੰਘ ਅਤੇ ਡੀ ਐਸ ਪੀ ਡੇਰਾਬਸੀ ਡਾ: ਦਰਪਨ ਆਹਲੂਵਾਲੀਆ ਦੀ ਅਗਵਾਈ ਹੇਠ ਗਠਿਤ ਕੀਤੀ ਟੀਮ ਵਲੋਂ ਕੀਤੀ ਗਈ ਜਾਂਚ ਵਿੱਚ ਇਹ ਗੱਲ ਸਾਮਣੇ ਆਈ ਹੈ ਕਿ ਇਨ੍ਹਾਂ ਵਲੋਂ ਕਰੀਬ 30 ਤੋਂ 50 ਹਜਾਰ ਵਿਅਕਤੀਆਂ ਨਾਲ ਕਰੀਬ 198 ਕਰੋੜ ਤੋਂ ਜਿਆਦਾ ਦੀ ਧੋਖਾਧੜੀ ਕੀਤੀ ਗਈ ਹੈ। ਇਨ੍ਹਾਂ ਵੱਲੋਂ ਸਾਲ 2021 ਵਿੱਚ ਡੀ ਜੀ ਟੀ ਕਾਇਨ ਅਤੇ 2022 ਵਿੱਚ ਹਾਏਪੀ ਨੈਕਸਟ ਕਾਇਨ ਅਤੇ 2023 ਵਿੱਚ ਏ ਗਲੋਬਲ ਸਕੀਮ ਦੇ ਨਾਮ ਤੇ ਵੀ ਸਕੀਮ ਸ਼ੁਰੂ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ 200 ਲੀਡਰ ਜੋੜੇ ਗਏ ਸਨ ਅਤੇ ਹਰ ਲੀਡਰ ਦੇ ਅਧੀਨ 100 ਤੋਂ ਵੀ ਜਿਆਦਾ ਇੰਨਵੈਸਟਰ ਹੁੰਦੇ ਸਨ। ਇਨ੍ਹਾਂ ਵੱਲੋਂ ਇੰਨਵੈਸਟਰ ਨੂੰ ਕ੍ਰਿਪਟੋ ਕਰੰਸੀ ਵਿੱਚ ਕਈ ਲੱਖਾ ਰੁਪਏ ਲਗਾਉਣ ਲਈ ਪ੍ਰੇਰਿਤ ਕੀਤਾ ਜਾਦਾ ਸੀ ਅਤੇ ਇਹ ਪੈਸੇ 200 ਫੀਸਦੀ ਦੇ ਹਿਸਾਬ ਨਾਲ ਵਾਪਸ ਕਰਨ ਦਾ ਲਾਲਚ ਦੇ ਕੇ ਠੱਗੀ ਮਾਰੀ ਜਾਂਦੀ ਸੀ। ਇਹ ਰਕਮ ਵੱਖ ਵੱਖ ਪਲੈਨ ਜਿਵੇਂ ਕਿ ਸਿਲਵਰ, ਗੋਲਡ, ਡਾਈਮੰਡ, ਪਲੇਟੀਨਮਨ ਆਦਿ ਨਿਵੇਸ਼ ਕੀਤੀ ਜਾਂਦੀ ਸੀ ਅਤੇ ਇਹ ਇੱਕ ਮਲਟੀਲੈਵਲ ਮਾਰਕਿੰਟਗ ਸਕੀਮ ਦੀ ਤਰ੍ਹਾਂ ਕੰਮ ਕਰਦੇ ਸੀ।
ਉਹਨਾਂ ਦੱਸਿਆ ਕਿ ਇਸ ਘੁਟਾਲੇ ਦਾ ਮਾਸਟਰ ਮਾਇੰਡ ਸੁਭਾਸ਼ ਸ਼ਰਮਾ ਨਾਮ ਦਾ ਵਿਅਕਤੀ ਹੈ ਜੋ ਇਸ ਚਿੱਟ ਫੰਡ ਕੰਪਨੀ ਨੂੰ ਚਲਾ ਰਿਹਾ ਸੀ ਅਤੇ ਮੌਜੂਦਾ ਸਮੇਂ ਵਿਦੇਸ਼ ਵਿੱਚ ਹੈ। ਇਸ ਵਿਅਕਤੀ ਦੀਆਂ 6 ਪ੍ਰਾਪਰਟੀ ਟਰੇਸ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਪੜਤਾਲ ਉਪਰੰਤ ਜਬਤ ਕਰਾਉਣ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।